ਰਾਮਾਂ ਮੰਡੀ,੫ ਜੁਲਾਈ(ਬੁੱਟਰ) ਇਲਾਕੇ ਵਿੱਚ ਬੀਤੀ ਰਾਤ ਤੇਜ਼ ਤੁਫਾਨ ਨਾਲ਼ ਆਏ ਮੀਂਹ ਨੇ ਸਵੇਰੇ-ਸਵੇਰੇ ਠੰਢੀਆਂ ਹਵਾਵਾਂ ਨਾਲ਼ ਜਿੱਥੇ ਘੁਟਨ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ,ਉੱਥੇ ਕੁਝ ਫ਼ਸਲਾਂ ਅਤੇ ਸੰਪਤੀ ਦਾ ਭਾਰੀ ਨੁਕਸਾਨ ਵੀ ਕੀਤਾ ਹੈ।ਭਾਵੇਂ ਗਰਮੀ ਕਾਰਨ ਝੁਲਸ ਰਹੇ ਨਰਮੇ ਤੇ ਝੋਨੇ ਸਮੇਤ ਕੁਝ ਫ਼ਸਲਾਂ ਨੂੰ ਫਾਇਦਾ ਵੀ ਪੁੱਜਿਆ ਹੈ ,aੁੱਥੇ ਕਿਸਾਨਾਂ ਦੀ ਮੱਕੀ,ਜਵਾਰ,ਬਾਜਰਾ,ਬਾਗਬਾਨੀ,ਸਬਜ਼ੀਆਂ ਆਦਿ ਦਾ ਭਾਰੀ ਨੁਕਸਾਨ ਵੀ ਹੋਇਆ ਹੈ।ਕਈ ਥਾਈਂ ਜ਼ਿਆਦਾ ਪਾਣੀ ਖੜ੍ਹਨ ਕਾਰਨ ਕਿਸਾਨਾਂ ਦਾ ਨਵਾਂ ਲਾਇਆ ਝੋਨਾ ਡੁੱਬ ਗਿਆ।ਸਭ ਤੋਂ ਵੱਧ ਨੁਕਸਾਨ ਰੁੱਖਾਂ ਦੇ ਡਿੱਗਣ ਕਾਰਨ ਹੋਇਆ ਹੈ।ਰੁੱਖਾਂ ਦੇ ਡਿੱਗਣ ਨਾਲ਼ ਸੜਕਾਂ ਅਤੇ ਆਮ ਰਸਤਿਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।ਬਿਜਲੀ ਦੀਆਂ ਤਾਰਾਂ,ਟਰਾਂਸਫਾਰਮਰ ਅਤੇ ਖੰਭੇ ਡਿੱਗਣ ਨਾਲ਼ ਸਾਰੀ ਰਾਤ ਬਿਜਲੀ ਗੁੱਲ ਰਹੀ ।ਹੋਰ ਪਿੰਡਾਂ ਦੇ ਨਾਲ਼-ਨਾਲ਼ ਤੂਫਾਨ ਨੇ ਬੰਗੀ ਨਿਹਾਲ ਸਿੰਘ ਵਿਖੇ ਜਗਵਿੰਦਰ ਸਿੰਘ ਕਾਲ਼ਾ ਭੁੱਲਰ,ਹਰਬਿਲਾਸ ਸਿੰਘ,ਮਨਦੀਪ ਸਿੰਘ ਫੌਜੀ ,ਸੀਪਾ ਸਿੰਘ ਆਦਿ ਦੇ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ।ਕਈ ਪਿੰਡਾਂ ਵਿੱਚ ਸੂਏ ਟੁੱਟਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ।ਦੂਸਰੇ ਪਾਸੇ ਗਰੀਬ ਲੋਕਾਂ ਨੇ ਡਿੱਗੇ ਹੋਏ ਦਰਖਤਾਂ ਨੂੰ ਛਾਂਗ ਕੇ ਘਰ ਲਿਆਉਣ ਦਾ ਖ਼ੂਬ ਲਾਹਾ ਲਿਆ।