ਪਟਿਆਲਾ, 26 ਮਾਰਚ (ਪੀ ਐੱਸ ਗਰੇਵਾਲ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ, ਫ਼ਸਲਾਂ ਦੇ ਘੱਟੋ-ਘੱਟ ਸਮੱਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕਰਵਾਉਣ, ਬਿਜਲੀ ਬਿੱਲ 2020 ਅਤੇ ਪਰਾਲੀ ਐਕਟ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਕੀਤੇ ਜਾ ਰਹੇ ਮੁਕੰਮਲ ਭਾਰਤ ਬੰਦ ਦੇ ਸੱਦੇ ਤਹਿਤ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜੌੜੀਆਂ ਸੜਕਾਂ ਦੇਵੀਗੜ੍ਹ ਚੀਕਾ ਰੋਡ ਤੇ ਮੁਕੰਮਲ ਜਾਮ ਕੀਤਾ ਗਿਆ। ਸਟੇਜ ਸੰਚਾਲਨ ਦੀ ਕਾਰਵਾਈ ਪ੍ਰਧਾਨਗੀ ਮੰਡਲ ਨਰਿੰਦਰ ਸਿੰਘ, ਬਲਜੀਤ ਸਿੰਘ, ਰਾਮ ਸਿੰਘ ਰੰਧਾਵਾ, ਰਮੇਸ਼ ਆਜ਼ਾਦ, ਦਵਿੰਦਰ ਸਿੰਘ ਪੂਨੀਆ, ਕੁਲਦੀਪ ਸਿੰਘ, ਸੁਬੇਗ ਸਿੰਘ, ਹਰਦਿਆਲ ਸਿੰਘ ਭਾਨਰਾ ਦੀ ਅਗਵਾਈ ਵਿਚ ਕੀਤੀ ਗਈ।ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਦੇਸ਼ ਭਰ ਦੇ ਕਿਸਾਨ ਚਾਰ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਹੱਦਾਂ ਤੇ ਬੈਠ ਕੇ ਇਹੀ ਮੰਗ ਕਰ ਰਹੇ ਹਨ ਕਿ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਰੱਦ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਤੌਰ ਤੇ ਲਾਗੂ ਕੀਤਾ ਜਾਵੇ, ਬਿਜਲੀ ਬਿਲ 2020 ਅਤੇ ਪ੍ਰਦੂਸ਼ਣ ਸਬੰਧੀ ਬਿਲ ਰੱਦ ਕੀਤੇ ਜਾਣ। ਪਰ ਮੋਦੀ ਸਰਕਾਰ ਇਸਦੇ ਬਿਲਕੁਲ ਉਲਟ ਜਾ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਪੂਰਦੀ ਹੋਈ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰਦੇ ਹੋਏ ਸੰਘਰਸ਼ ਨੂੰ ਖ਼ਤਮ ਕਰਨ ਲਈ ਲਗਾਤਾਰ ਸ਼ਾਜਿਸਾਂ ਰੱਚ ਰਹੀ ਹੈ। ਜਿਸ ਤਹਿਤ ਕਰੋਨਾ ਵਾਇਰਸ ਸਬੰਧੀ ਅਫਵਾਹਾਂ, ਤਾਲਾਬੰਦੀ ਆਦਿ ਕਦਮ ਪੁੱਟੇ ਜਾ ਰਹੇ ਹਨ।ਇਕੱਠ ਨੂੰ ਬੂਟਾ ਸਿੰਘ ਸ਼ਾਦੀਪੁਰ ਭਾਰਤੀ ਕਿਸਾਨ ਏਕਤਾ ਮੰਚ, ਹਰਪਾਲ ਸਿੰਘ ਰੱਤਾ ਖੇੜਾ, ਨਰਿੰਦਰ ਸਿੰਘ ਤੇ ਲ਼ਖਵਿਦਰ ਸਿੰਘ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਰਾਉ ਰਜਿੰਦਰ ਸਿੰਘ ਦੋਧੀ ਡੇਅਰੀ ਯੂਨੀਅਨ, ਰਾਜ ਕਿਸ਼ਨ ਨੂਰ ਖੇੜੀ ਜਮਹੂਰੀ ਕਿਸਾਨ ਸਭਾ, ਦਵਿੰਦਰ ਸਿੰਘ ਪੂਨੀਆ ਤੇ ਸੁਰਿੰਦਰ ਖਾਲਸਾ ਕਿਰਤੀ ਕਿਸਾਨ ਯੂਨੀਅਨ, ਰਾਮ ਸਿੰਘ ਮਟੋਰਡਾ, ਰੁਲਦਾ ਸਿੰਘ ਭਾਨਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਰਾਤਰੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਜਨਰਲ ਸਕੱਤਰ ਅਮਨਦੀਪ ਸਿੰਘ, ਨੌਜਵਾਨ ਭਾਰਤ ਸਭਾ ਵਲੋਂ ਖੁਸ਼ਵੰਤ ਹਨੀ, ਸਰਬਜੀਤ ਸਿੰਘ ਮਾਂਗਟ ਆੜਤੀ ਐਸੋਸੀਏਸ਼ਨ, ਗੁਰਚਰਨ ਦਾਸ ਸੌਹਲ ਰਿਟਾਇਰਡ ਮੁਲਾਜ਼ਮ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਗੈਸ ਏਜੰਸੀ ਵਰਕਰ ਯੂਨੀਅਨ ਦੇ ਕਸ਼ਮੀਰ ਬਿੱਲਾ ਨੇ ਐਲਾਨ ਕਰਦਿਆਂ ਕਿਹਾ ਕਿ ਹਾੜੀ ਦੇ ਕੰਮ ਕਾਰ ਦੀ ਰੁੱਤ ਦੇ ਬਾਵਜੂਦ ਕਿਸਾਨੀ ਸੰਘਰਸ਼ ਵਿਚ ਮੁਲਾਜ਼ਮਾਂ ਸਮੇਤ ਹੋਰਨਾਂ ਵਰਗਾਂ ਵਲੋਂ ਵਾਰੀ ਸਿਰ ਵੱਡੀ ਸ਼ਮੂਲੀਅਤ ਲਗਾਤਾਰ ਜਾਰੀ ਰਹੇਗੀ ਤਾਂ ਜੋ ਸੰਘਰਸ਼ ਨੂੰ ਲਗਾਤਾਰ ਬਲ ਮਿਲਦਾ ਰਹੇ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਮੁੱਚੇ ਭਾਰਤ ਬੰਦ ਨੇ ਮੋਦੀ ਹਕੂਮਤ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਹੜ੍ਹ ਬਣ ਕੇ ਸੜਕਾਂ ਤੇ ਉਤਰੇ ਹਨ।