ਧੂਰੀ,3 ਨਵੰਬਰ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਹੈ ਕਿ ਜਿੱਥੇ ਪਹਿਲਾਂ ਪਿੰਡਾਂ ਦੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਤੇ ਕਰੋੜਾਂ ਰੁਪੈ ਖਰਚਿਆ ਗਿਆ ਹੈ, ਉਥੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕੈਬਨਿਟ ਵੱਲੋਂ ਸ਼ਹਿਰਾਂ ਦੇ ਵਿਕਾਸ ਤੇ ਕਰੋੜਾਂ ਰੁਪੈ ਦਿੱਤੇ ਜਾ ਰਹੇ ਹਨ,ਜਿਸ ਤਹਿਤ ਸ਼ਹਿਰ ਧੂਰੀ ਦੀ ਕੋਈ ਵੀ ਸੜਕ ਖਸਤਾ ਹਾਲਤ ਨਹੀਂ ਰਹੇਗੀ। ਉਹ ਅੱਜ ਇੱਥੇ ਬੈਂਕ ਰੋਡ ਤੇ ਸੜਕ ਦੇ ਪ੍ਰੀਮਿਕਸ ਪੁਆਉਣ ਦੇਕੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਕਿਹਾ ਕਿ ਸ਼ਹਿਰ ਦੇ ਰਾਮਗੜੀਆ ਗੁਰਦੁਆਰਾ ਰੋਡ, ਗੈਸ ਏਜੰਸੀ ਰੋਡ ਅਤੇ ਰਜਵਾਹੇ ਦੀ ਪੱਟੜੀ ਵਾਲੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਮਹਿਜ਼ ਦੋ/ਤਿੰਨ ਦਿਨਾਂ ’ਚ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਦੇ ਲੋਹਾ ਬਜਾਰ ਵਾਲੀ ਸੜਕ ਦੀ ਮੁਰੰਮਤ ਸਬੰਧੀ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਸੜਕ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਉਨਾਂ ਦਸਿਆ ਕਿ ਸ਼ਹਿਰ ਨੂੰ ਆਉਣ ਵਾਲੀਆਂ ਲਿੰਕ ਸੜਕਾਂ ਦਾ ਨਿਰਮਾਣ ਵੀ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ,ਜਿਸਦੀ ਲੜੀ ਤਹਿਤ ਹਰਚਦਪੁਰਾ ਤੋਂ ਮੀਰਹੇੜੀ ਸੜਕ ਦਾ ਨਿਰਮਾਣ ਕਰਵਾਇਆ ਜਾ ਚੁੱਕਾ ਹੈ। ਉਨਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਸਿਆਸਤ ’ਚੋਂ ਬਾਹਰ ਹੋ ਚੁੱਕੀਆਂ ਹਨ ਅਤੇ ਆਪਣੀ ਹੋਂਦ ਬਚਾਉਣ ਲਈ ਇਹ ਹੰਥਕੰਡੇ ਅਪਨਾ ਰਹੀਆਂ ਹਨ, ਜਿਸਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਇਸ ਮੌਕੇ ਪ੍ਰਧਾਨ ਸੰਦੀਪ ਤਾਇਲ ,ਕਾਰਜ ਸਾਧਕ ਅਫਸਰ ਸਤੀਸ ਕੁਮਾਰ ਗਰਗ ,ਕੌਸਲਰ ਸੰਜੇ ਜਿੰਦਲ,ਹਨੀ ਤੂਰ, ਇੰਦਰਜੀਤ ਸ਼ਰਮਾ,ਨਰੇਸ਼ ਮੰਗੀ,ਜਨਕ ਰਾਜ ਮੀਮਸਾ ,ਕੁਨਾਲ ਗਰਗ ਸਮੇਤ ਵੱਡੀ ਗਿਣਤੀ ’ਚ ਪੰਤਵੰਤੇ ਹਾਜਰ ਸਨ।