ਪਟਵਾਰੀਆਂ ਵੱਲੋਂ ਕਾਕਿਆਂ ਰਾਹੀਂ ਕੰਮ ਕਰਵਾਉਣ ਦੀਆ ਖਬਰਾਂ ਦਾ ਪਟਵਾਰ ਯੂਨੀਅਨ ਵੱਲੋਂ ਖੰਡਨ

ਧੂਰੀ, 24 ਮਾਰਚ (ਮਹੇਸ਼ ਜਿੰਦਲ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਇਕਾਈ ਤਹਿਸੀਲ ਧੂਰੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਭੂਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਕੁੱਝ ਅਖਬਾਰਾਂ ਵਿੱਚ ਪਟਵਾਰੀਆਂ ਦੇ ਕੰਮ ਪ੍ਰਤੀ ਖਬਰਾਂ ਨਸ਼ਰ ਹੋਈਆਂ ਖਬਰਾਂ ਨੂੰ ਅਸਲ ਤੱਥਾਂ ਤੋਂ ਕੋਹਾਂ ਦੂਰ ਦੱਸਦਿਆਂ ਬੇਬੁਨਿਆਦ ਕਿਹਾ ਗਿਆ ਅਤੇ ਕਿਹਾ ਕਿ ਅਜਿਹੀਆਂ ਖਬਰਾਂ ਨਸ਼ਰ ਕਰਨ ਤੋਂ ਪਹਿਲਾਂ ਕਿਸੇ ਵੀ ਪਟਵਾਰੀ ਜਾਂ ਪਟਵਾਰ ਯੂਨੀਅਨ ਦਾ ਪੱਖ ਨਹੀਂ ਲਿਆ ਗਿਆ। ਉਨਾ ਕਿਹਾ ਕਿ ਇਹ ਖਬਰਾਂ ਸਮੁੱਚੇ ਪਟਵਾਰ ਜਗਤ ਨੂੰ ਬਦਨਾਮ ਕਰਨ ਲਈ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜਿਸਦਾ ਯੂਨੀਅਨ ਖੰਡਨ ਕਰਦੀ ਹੈ। ਜਿੱਥੋ ਤੱਕ ਪ੍ਰਾਈਵੇਟ ਵਿਅਕਤੀਆਂ ”ਕਾਕਿਆਂ” ਤੋਂ ਕੰਮ ਕਰਵਾਉਣ ਦਾ ਸਬੰਧ ਹੈ, ਇਹ ਬਿਲਕੁਲ ਗਲਤ ਹੈ, ਪਟਵਾਰ ਸਰਕਲ ਖਾਲੀ ਹੋਣ ਕਾਰਨ ਹਰ ਪਟਵਾਰੀ ਪਾਸ ਡਬਲ ਸਰਕਲ ਹੈ, ਜਦੋਂਕਿ ਨਵੀਂ ਭਰਤੀ ਕੀਤੇ ਪਟਵਾਰੀ ਤੇ ਡਿਊਟੀ ਤੇ ਹਾਜਰ ਹੋ ਚੁੱਕੇ ਹਨ, ਫਿਰ ਵੀ 50% ਤੋਂ ਵੱਧ ਸਰਕਲ ਖਾਲੀ ਹਨ, ਵਰਕ ਲੋਡ ਜਿਆਦਾ ਹੋਣ ਕਾਰਨ ਰਿਕਾਰਡ ਵਿੱਚ ਗਲਤੀਆਂ ਦੀ ਸੰਭਾਵਨਾ ਵੱਧ ਜਾਦੀ ਹੈ, ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਜਲਦੀ ਨਵੀਂ ਭਰਤੀ ਕੀਤੀ ਜਾਵੇ। ਜਿੱਥੋ ਤੱਕ ਫ਼ਰਦ ਕੇਂਦਰਾਂ ਦੇ ਕੰਮ ਕਰਵਾਉਣ ਦਾ ਸਬੰਧ ਹੈ, ਫਰ ਕੇਂਦਰਾਂ ਦੇ ਕੰਮ ਆਨਲਾਈਨ ਹੋਣ ਕਾਰਨ ਕੰਮ ਦੀ ਰਫਤਾਰ ਹੌਲੀ ਅਤੇ ਸੋਫਟਵੇਅਰ ਕਾਰਨ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਜਿਸ ਕਾਰਨ ਪਟਵਾਰੀਆਂ ਦਾ ਜਿਆਦਾਤਰ ਸਮਾਂ ਰਿਕਾਰਡ ਨੂੰ ਅਪਡੇਟ ਕਰਵਾਉਣ ਵਿੱਚ ਲੱਗਣ ਕਾਰਨ ਕੰਮ ਵਿੱਚ ਦੇਰੀ ਹੋਣੀ ਸੁਭਾਵਿਕ ਹੈ। ਇਸ ਮੀਟਿੰਗ ਵਿੱਚ ਸਤਿੰਦਰਪਾਲ ਸਿੰਘ ਜਨਰਲ ਸਕੱਤਰ, ਮੇਜਰ ਸਿੰਘ, ਮੁਖਤਿਆਰ ਸਿੰਘ, ਮਾਲਵਿੰਦਰ ਸਿੰਘ, ਹਰੀ ਸਿੰਘ, ਆਸ਼ੂਤੋਸ਼ ਸ਼ਰਮਾ, ਸੁਖਵਿੰਦਰ ਸਿੰਘ, ਵਰਿੰਦਰਪਾਲ ਆਦਿ ਵੀ ਹਾਜਰ ਸਨ।

Posted By: MAHESH JINDAL