ਮਹਿਬੂਬਾ ਨੂੰ ਦੋਹਰੇ ਮਾਪਦੰਡ ਅਪਣਾਏ ਜਾਣ ’ਤੇ ਉਜਰ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸਮਝੌਤਾ ਐੈਕਸਪ੍ਰੈੱਸ ਧਮਾਕਾ ਕੇਸ ਵਿੱਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰਨ ਦੇ ਫੈਸਲੇ ’ਤੇ ਉਜਰ ਜਤਾਉਂਦਿਆਂ ਭਗਵਾ ਦਹਿਸ਼ਤਗਰਦੀ ਖ਼ਿਲਾਫ਼ ਦੋਹਰੇ ਮਾਪਦੰਡ ਤੇ ਨਰਮ ਰੁਖ਼ ਅਖ਼ਤਿਆਰ ਕਰਨ ’ਤੇ ਸਵਾਲ ਉਠਾਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਕੇਸ ਵਿੱਚ ਆਰਐਸਐਸ ਦੇ ਸਾਬਕਾ ਮੈਂਬਰ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ ਕਾਫ਼ੀ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅੱਲ੍ਹਾ ਮੁਆਫ ਕਰੇ, ਜੇਕਰ ਉਹ (ਮੁਲਜ਼ਮ) ਕਸ਼ਮੀਰੀ/ਮੁਸਲਿਮ ਹੁੰਦੇ ਤਾਂ ਉਨ੍ਹਾਂ ਨੂੰ ਬਿਨਾਂ ਨਿਰਪੱਖ ਸੁਣਵਾਈ ਦੇ ਹੀ ਦੋਸ਼ੀ ਕਰਾਰ ਦੇ ਕੇ ਸਲਾਖਾਂ ਪਿੱਛੇ ਡਕ ਦਿੱਤਾ ਜਾਂਦਾ। ਭਗਵਾ ਦਹਿਸ਼ਤਗਰਦੀ ਖ਼ਿਲਾਫ਼ ਦੋਹਰੇ ਮਾਪਦੰਡ ਤੇ ਨਰਮ ਰੁਖ਼ ਕਿਉਂ ਅਪਣਾਇਆ ਜਾਂਦਾ ਹੈ?’