ਹਲਕਾ ਧੂਰੀ ਦੀ ਸਰਬ ਸਾਂਝੀ ਮੀਟਿੰਗ ’ਚ ਕੋਰੋਨਾ ਵਿਰੁੱਧ ਇਕਜੁੱਟ ਹੋ ਕੇ ਲੜਣ ਦਾ ਅਹਿਦ

ਧੂਰੀ, 31 ਮਾਰਚ (ਮਹੇਸ਼ ਜਿੰਦਲ) - ਹਲਕਾ ਧੂਰੀ ਦੇ ਵੱਖਵੱਖ ਸਮਾਜਸੇਵੀ, ਧਾਰਮਿਕ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸਥਾਨਕ ਐਸ.ਡੀ.ਐਮ ਦਫਤਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਲੋਕ ਭਲਾਈ ਦੇ ਰਸਤੇ ਵਿਚ ਰਾਜਨੀਤੀ, ਜਾਤ-ਪਾਤ ਅਤੇ ਕੌਮੀ ਵਖਰੇਵੇਂ ਕੋਈ ਸਥਾਨ ਨਹੀਂ ਰੱਖਦੇ, ਜਿਸ ਲਈ ਸਮੁੱਚੇ ਪੰਜਾਬੀਆਂ ਨੂੰ ਇਸ ਕੌਮੀ ਆਫਤ ਦੀ ਘੜੀ ਵਿਚ ਇਕਜੁੱਟ ਹੋਣ ਦੀ ਲੋੜ ਹੈ। ਉਨਾਂ ਆਗੂਆਂ ਨੂੰ ਰਾਜਨੀਤੀ ਨੂੰ ਪਿਛਾਂਹ ਕਰਦਿਆਂ ਇਕਮੁੱਠ ਹੋ ਕੇ ਹੰਬਲਾ ਮਾਰਨ ਦੀ ਅਪੀਲ ਕਰਦਿਆਂ ਇਸ ਬਿਮਾਰੀ ਵਾਲੀ ਜੰਗ ਨੂੰ ਜਿੱਤਣ ਦੀ ਲੋੜ ’ਤੇ ਜ਼ੋਰ ਦਿੱਤਾ। ਵੱਖਵੱਖ ਸੰਸਥਾਵਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਗੌਰ ਕਰਦਿਆਂ ਐੱਸ.ਡੀ.ਐਮ ਧੂਰੀ ਲਤੀਫ ਅਹਿਮਦ ਨੇ ਸੰਸਥਾਵਾਂ ਨੂੰ ਇੱਕ ਪ੍ਰੋਫਾਰਮਾ ਤਕਸੀਮ ਕੀਤਾ, ਜਿਸ ਵਿੱਚ ਸਮੂਹ ਸੰਸਥਾਵਾਂ ਤੋਂ ਵਰਤਾਏ ਜਾਣ ਵਾਲੇ ਲੰਗਰ, ਦਵਾਈਆਂ, ਰਾਸ਼ਨ ਤੇ ਹਰੇ ਚਾਰੇ ਦੀ ਸਪਲਾਈ ਅਤੇ ਵਹੀਕਲਾਂ ਦੀ ਸੇਵਾ ਸਬੰਧੀ ਇੱਕ ਲੜੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਜੋ ਇੱਕ ਮੁਹਿੰਮ ਤਹਿਤ ਹਰੇਕ ਲੋੜਵੰਦ ਦੀ ਮੱਦਦ ਕੀਤੀ ਜਾ ਸਕੇ । ਇਸ ਮੌਕੇ ਡੀ.ਐੱਸ.ਪੀ. ਧੂਰੀ ਰਛਪਾਲ ਸਿੰਘ ਢੀਂਡਸਾ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਮਨੀਸ਼ ਗਰਗ, ਤਹਿਸੀਲਦਾਰ ਹਰਜੀਤ ਸਿੰਘ, ਆਪ ਆਗੂ ਡਾ.ਅਨਵਰ ਭਸੌੜ, ਐਡਵੋਕੇਟ ਰਾਜੀਵ ਚੌਧਰੀ, ਅਕਾਲੀ ਆਗੂ ਗੁਰਕੰਵਲ ਸਿੰਘ ਕੋਹਲੀ ਅਤੇ ਸਮੇਤ ਵੱਖਵੱਖ ਸੰਸਥਾਵਾਂ ਦੇ ਆਗੂ ਹਾਜਰ ਸਨ।