ਧੂਰੀ, 8 ਜਨਵਰੀ (ਮਹੇਸ਼ ਜਿੰਦਲ)- ਟਰੇਡ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਕੀਤੇ ਜਾ ਰਹੇ ਪੇਂਡੂ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਜਥੇਦਾਰ ਜੰਗੀਰ ਸਿੰਘ ਕੋਲਸੇੜੀ ਭਵਨ ਵਿਖੇ ਕੁਲ ਹਿੰਦ ਕਿਸਾਨ ਸਭਾ ਪੰਜਾਬ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਸੀਟੂ, ਪੱਲੇਦਾਰ ਵਰਕਰਜ਼ ਯੂਨੀਅਨ ਸੀਟੂ ਤੇ ਨਰੇਗਾ ਵਰਕਰਾਂ ਦੀ ਜਨਰਲ ਬਾਡੀ ਦੀ ਮੀਟਿੰਗ ਸਾਥੀ ਦਲਵਾਰਾ ਸਿੰਘ ਬੇਨੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕੀਤਾ ਜਾ ਰਿਹਾ ਹੈ, ਜਿਸ ਵਿਚ ਕੋਈ ਵੀ ਪੇਂਡੂ ਵਿਅਕਤੀ ਸ਼ਹਿਰ ’ਚ ਕੋਈ ਵੀ ਵਸਤੂ ਵੇਚਣ ਜਾਂ ਖ਼ਰੀਦਦਾਰੀ ਕਰਨ ਲਈ ਨਹੀਂ ਆਵੇਗਾ ਅਤੇ ਇਸ ਹੜਤਾਲ ਦੇ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੇਂਡੂ ਲੋਕਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਹੈ, ਸਰਕਾਰਾਂ ਵੱਲੋਂ ਸਰਮਾਏਦਾਰਾਂ ਨੂੰ ਮਾਲਾਮਾਲ ਕੀਤਾ ਜਾ ਰਿਹਾ ਹੈ ਅਤੇ ਗ਼ਰੀਬ ਲਈ ਦੋ ਵਕਤ ਦੀ ਰੋਟੀ ਵੀ ਖਾਣੀ ਦੁੱਭਰ ਹੋ ਚੁੱਕੀ ਹੈ। ਉਨਾਂ ਕਿਹਾ ਕਿ ਫ਼ਸਲਾਂ ਦਾ ਉਜਾੜਾ ਅਤੇ ਸੜਕਾਂ ਤੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣਦੇ ਅਵਾਰਾ ਪਸ਼ੂਆਂ ਨੂੰ ਰੋਕਣ ਵਿਚ ਸਰਕਾਰਾਂ ਗਊ ਸੈੱਸ ਵਸੂਲਣ ਦੇ ਬਾਵਜੂਦ ਵੀ ਨਾਕਾਮ ਸਾਬਤ ਹੋਈਆਂ ਹਨ। ਉਨਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਵੱਖ-ਵੱਖ ਨਾਗਰਿਕ ਸੋਧ ਬਿੱਲਾਂ ਨੂੰ ਪਾੜਾ ਪਾਊ ਬਿਲ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਅਜਿਹੇ ਬਿਲ ਲਿਆ ਕੇ ਧਰਮ ਫ਼ਿਰਕਾਪ੍ਰਸਤੀ ਵਧਾ ਕੇ ਦੰਗੇ ਫ਼ਸਾਦ ਕਰਵਾਉਣਾ ਚਾਹੁੰਦੀ ਹੈ ਅਤੇ ਸਰਕਾਰਾਂ ਨੂੰ ਆਪਣੀਆਂ ਵੋਟਾਂ ਰਾਹੀਂ ਚੁਣਨ ਵਾਲੇ ਲੋਕਾਂ ਨੂੰ ਹੀ ਇਸ ਦੇਸ਼ ਦੇ ਨਾਗਰਿਕ ਹੋਣ ਲਈ ਸਬੂਤ ਦੇਣਾ ਮੰਦਭਾਗਾ ਹੈ। ਇਸ ਮੌਕੇ ਪਰਮਜੀਤ ਸਿੰਘ ਬੱਗਾ, ਰਮੇਸ਼ ਸਿੰਘ ਨੇ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਪੇਂਡੂ ਭਾਰਤ ਨੂੰ ਹਰ ਪੱਖੋਂ ਕਾਮਯਾਬ ਬਣਾਉਣਗੇ। ਇਸ ਮੌਕੇ ਸੁਖਵੰਤ ਸਿੰਘ ਭਸੌੜ, ਅਮਰੀਕ ਸਿੰਘ ਕਾਂਝਲਾ, ਬਾਬੂ ਸਿੰਘ ਪੇਧਨੀ, ਬਲਦੇਵ ਸਿੰਘ ਧਾਂਦਰਾ, ਅਮਰੀਕ ਸਿੰਘ ਮੂਲੋਵਾਲ, ਮੇਲਾ ਸਿੰਘ ਸਰਪੰਚ, ਰਮੇਸ਼ ਕੁਮਾਰ, ਰਮੇਸ਼ ਸਿੰਘ, ਹਰਜੀਤ ਸਿੰਘ ਬਦੇਸ਼ਾ, ਰੋਹੀ ਸਿੰਘ ਕਾਂਝਲਾ ਤੇ ਗੁਰਮੇਲ ਸਿੰਘ ਮਾਹਮਦਪੁਰ ਵੀ ਹਾਜ਼ਰ ਸਨ।