ਸ੍ਰੀ ਗੁਰੂ ਨਾਨਕ ਦੇ ਸੰਦੇਸ਼ ਕਿਰਤ ਕਰੋ 'ਤੇ ਅਮਲ ਕਰੇ ਹਰ ਵਿਅਕਤੀ, ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਿਕਲ ਜਾਵੇਗਾ-ਪ੍ਰੋ. ਘੁੰਮਣ

ਪਟਿਆਲਾ, 27 ਅਗਸਤ (ਪੀ ਐੱਸ ਗਰੇਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਬੀ.ਐਸ. ਘੁੰਮਣ ਨੇ ਅੱਜ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਦੌਰਾ ਕੀਤਾ। ਇਸ ਮੌਕੇ ਮਹਿੰਦਰਾ ਕਾਲਜ ਤੋਂ ਪੁੱਜੇ ਵਿਦਿਆਰਥੀਆਂ ਅਤੇ ਬਿਊਰੋ ਦੇ ਰਿਸੋਰਸ ਪਰਸਨਜ ਨੂੰ ਸੰਬੋਧਨ ਕਰਦਿਆਂ ਪ੍ਰੋ. ਘੁੰਮਣ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ 'ਕਿਰਤ ਕਰੋ' 'ਤੇ ਅਮਲ ਕਰੇ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਿਕਲ ਆਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਸੀਂ ਉਨ੍ਹਾਂ ਦੇ ਸੰਦੇਸ਼ ਅਤੇ ਉਪਦੇਸ਼ਾਂ ਦੀ ਪਾਲਣਾ ਕਰਕੇ ਹੀ ਉਨ੍ਹਾਂ ਨੂੰ ਆਪਣੀ ਸ਼ਰਧਾ ਅਰਪਣ ਕਰ ਸਕਦੇ ਹਾਂ। ਪ੍ਰੋ. ਘੁੰਮਣ ਨੇ ਕਿਹਾ ਕਿ ਮੌਜੂਦਾ ਦੌਰ 'ਚ ਜਦੋਂ ਬਾਜ਼ਾਰ ਅੰਦਰ ਅਨੇਕ ਚੁਣੌਤੀਆਂ ਦਰਪੇਸ਼ ਹਨ ਤਾਂ ਉਸ ਸਮੇਂ ਨੌਜਵਾਨਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਨਾਲ-ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਵੀ ਬਿਹਤਰ ਢੰਗ ਨਾਲ ਕਰਨਾ ਪਵੇਗਾ ਤਾਂ ਹੀ ਉਹ ਨੌਕਰੀ ਹਾਸਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਪੱਖੋਂ ਸ਼ਲਾਘਾ ਦੇ ਪਾਤਰ ਹਨ, ਜਿਨ੍ਹਾਂ ਨੇ ਨੌਜਵਾਨਾਂ ਦਾ ਹੁਨਰ ਨਿਖਾਰਨ ਲਈ ਅਜਿਹੇ ਬਿਊਰੋ ਸਥਾਪਤ ਕੀਤੇ ਅਤੇ ਨਾਲ ਹੀ ਰੋਜ਼ਗਾਰ ਮੇਲੇ ਲਗਾਉਣ ਦਾ ਫੈਸਲਾ ਕੀਤਾ, ਜਿਸਦਾ ਲਾਭ ਬੇਰੁਜ਼ਗਾਰ ਨੌਜਵਾਨਾਂ ਨੂੰ ਸਪੱਸ਼ਟ ਤੌਰ 'ਤੇ ਹੋ ਰਿਹਾ ਹੈ। ਉਪ ਕੁਲਪਤੀ ਨੇ ਕਿਹਾ ਕਿ ਅੱਜ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਜਿੱਥੇ ਇੱਕ ਰੋਜ਼ਗਾਰ ਮੇਲਾ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਥੇ ਹੀ ਯੂਨੀਵਰਸਿਟੀ ਤੇ ਇਸ ਨਾਲ ਸਬੰਧਤ 300 ਦੇ ਕਰੀਬ ਕਾਲਜਾਂ ਵੱਲੋਂ ਵੀ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਸਫ਼ਲ ਬਣਾਉਣ ਸਮੇਤ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਆਪਣਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ੍ਹਾ ਬਿਊਰੋ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਟਿਆਲਾ ਕੈਰੀਅਰ ਗਾਇਡੈਂਸ ਅਤੇ ਮਾਸ ਕੌਂਸਲਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚੋਂ ਪਹਿਲੇ ਸਥਾਨ 'ਤੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚ ਮਈ ਮਹੀਨੇ ਦੌਰਾਨ ਕਰਵਾਈ ਗਈ ਕੌਂਸਲਿੰਗ 'ਚ ਜ਼ਿਲ੍ਹਾ ਬਿਊਰੋ ਨੇ ਜ਼ਿਲ੍ਹੇ ਦੇ 99 ਫੀਸਦੀ ਸਰਕਾਰੀ ਸਕੂਲਾਂ 'ਚ ਪਹੁੰਚ ਕਰਕੇ 30 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਕਿੱਤੇ ਬਾਬਤ ਸਲਾਹ ਪ੍ਰਦਾਨ ਕੀਤੀ।ਇਸ ਦੌਰਾਨ ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਰਿਸੋਰਸ ਪਰਸਨਜ ਨੂੰ ਉਪਕੁਲਪਤੀ ਪ੍ਰੋ. ਬੀ.ਐਸ. ਘੁੰਮਣ ਅਤੇ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਸਿਖਲਾਈ ਅਫ਼ਸਰ ਸ੍ਰੀਮਤੀ ਸ਼ਿੰਪੀ ਸਿੰਗਲਾ, ਜ਼ਿਲ੍ਹਾ ਬਿਊਰੋ ਦੇ ਡਿਪਟੀ ਸੀ.ਈ.ਓ. ਸ੍ਰੀਮਤੀ ਸੁਖਮਨ ਬਾਠ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਵਰਿੰਦਰ ਸਿੰਘ ਟਿਵਾਣਾ, ਪ੍ਰੋ. ਗੁਰਬਖ਼ਸੀਸ਼ ਸਿੰਘ ਅੰਟਾਲ, ਪਲੇਸਮੈਂਟ ਅਫ਼ਸਰ ਸ੍ਰੀਮਤੀ ਗੁਰਸ਼ਰਨ ਕੌਰ, ਕੈਰੀਅਰ ਕੌਂਸਲਰ ਸ੍ਰੀਮਤੀ ਰਪੂਸੀ ਪਾਹੂਜਾ, ਸ. ਰਣਜੀਤ ਸਿੰਘ ਧਾਲੀਵਾਲ ਸਮੇਤ ਮਹਿੰਦਰਾ ਕਾਲਜ ਦੇ ਵਿਦਿਆਰਥੀ ਅਤੇ ਵੱਖ-ਵੱਖ ਵਿਭਾਗਾਂ ਦੇ ਰਿਸੋਰਸ ਪਰਸਨ ਮੌਜੂਦ ਸਨ।