ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਦੇ ਮਹਾਨ ਖਿਡਾਰੀ ਸਰਦਾਰ ਬਲਬੀਰ ਸਿੰਘ ਸੀਨੀਅਰ ਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ l ਉਹਨਾਂ ਦੀ ਉਮਰ 95 ਸਾਲਾਂ ਦੀ ਸੀ ਅਤੇ ਉਹਨਾਂ ਦੀ ਇਕ ਬੇਟੀ ਸੁਸ਼ਬੀਰ ਅਤੇ ਤਿੰਨ ਬੇਟੇ ਕੰਵਲਬੀਰ, ਕਰਨਬੀਰ ਅਤੇ ਗੁਰਬੀਰ ਹਨ lਫੋਰਟਿਸ ਹਸਪਤਾਲ ਮੁਹਾਲੀ ਦੇ ਡਾਇਰੈਕਟਰ ਸ੍ਰੀ ਅਭਿਜੀਤ ਸਿੰਘ ਨੇ ਦੱਸਿਆ ਕਿ “ਅੱਜ ਸਵੇਰੇ ਕਰੀਬ 6.30 ਵਜੇ ਉਹਨਾਂ ਦੀ ਮੌਤ ਹੋ ਗਈ, ਜਿਥੇ ਉਹਨਾਂ ਨੂੰ 8 ਮਈ ਨੂੰ ਦਾਖਲ ਕਰਵਾਇਆ ਗਿਆ ਸੀ । ਦੇਸ਼ ਦੇ ਸਭ ਤੋਂ ਮਹਾਨ ਅਥਲੀਟਾਂ ਵਿਚੋਂ ਇਕ, ਬਲਬੀਰ ਸੀਨੀਅਰ, ਆਧੁਨਿਕ ਓਲੰਪਿਕ ਇਤਿਹਾਸ ਵਿਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਚੁਣੇ ਗਏ 16 ਦੰਤਕਥਾਵਾਂ ਵਿਚੋਂ ਇਕਲੌਤਾ ਭਾਰਤੀ ਸੀ l ਉਹਨਾਂ ਦਾ ਵਿਸ਼ਵ ਰਿਕਾਰਡ ਓਲੰਪਿਕ ਦੇ ਪੁਰਸ਼ ਹਾਕੀ ਫਾਈਨਲ ਵਿੱਚ ਇੱਕ ਵਿਅਕਤੀ ਦੁਆਰਾ ਬਣਾਏ ਸਭ ਤੋਂ ਵੱਧ ਗੋਲਾਂ ਦਾ ਅਜੇ ਵੀ ਅਜੇਤੂ ਰਿਹਾ ਹੈ ।ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ । ਬਲਬੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤਾ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ । ਭਾਰਤ ਸਰਕਾਰ ਵੱਲੋਂ ਉਹਨਾਂ ਦੇ ਖੇਡ ਯੋਗਦਾਨ ਕਰਕੇ ਉਹਨਾਂ ਨੂੰ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ ।