ਕੋਰੋਨਾ ਮਹਾਂਮਾਰੀ ਤੋਂ ਬੇਖੌਫ ਕਈ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੇ ਡੀ.ਸੀ. ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ
- ਪੰਜਾਬ
- 31 May,2020
ਧੂਰੀ,30ਮਈ (ਮਹੇਸ਼ ਜਿੰਦਲ) ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੰਮੇਂ ਸਮੇਂ ਤੋਂ ਬੰਦ ਪਏ ਕਾਰੋਬਾਰਾਂ ਵਿੱਚ ਢਿੱਲ ਦਿੰਦਿਆਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਦੁਕਾਨਾਂ ਆਦਿ ਖੋਲ੍ਹਣ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਸ ਦੇ ਚਲਦਿਆਂ ਢਾਬਿਆਂ, ਹੋਟਲਾਂ ਅਤੇ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ ਆਦਿ ਦੇ ਮਾਲਕਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਬਰਗਰ, ਟਿੱਕੀ, ਭੱਲੇ, ਗੋਲਗੱਪੇ, ਸਮੋਸੇ, ਕਚੋਰੀਆਂ, ਪੂਰੀਆਂ, ਰੋਟੀ-ਸਬਜ਼ੀ ਆਦਿ ਦੀ ਪੈਕਿੰਗ ਕਰਕੇ ਸਿਰਫ ਹੋਮ ਡਲਿਵਰੀ ਦੀ ਇਜਾਜਤ ਦਿੱਤੀ ਹੋਈ ਹੈ, ਇਹ ਸਾਰਾ ਕੁੱਝ ਜਾਣਦੇ ਹੋਏ ਵੀ ਧੂਰੀ ਵਿਖੇ ਕੋਰੋਨਾ ਮਹਾਂਮਾਰੀ ਤੋਂ ਬੇਖੌਫ ਕਈ ਦੁਕਾਨਦਾਰਾਂ ਅਤੇ ਰੇਹੜੀ ਵਾਲ਼ਿਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਲੱਗਣ ਵਾਲੀਆਂ ਇਹਨਾਂ ਰੇਹੜੀਆਂ ਦੇ ਮਾਲਕਾਂ ਵੱਲੋਂ ਲੋਕਾਂ ਨੂੰ ਅੰਦਰ ਬਿਠਾ ਕੇ ਖਿਲਾਉਣ ਅਤੇ ਕਈ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਕਿਸੇ ਕਿਸਮ ਦੀ ਪ੍ਰਸ਼ਾਸਨਿਕ ਕਾਰਵਾਈ ਨਾ ਹੋਣ ਨੂੰ ਲੈ ਕੇ ਸ਼ਹਿਰ ਦੇ 95% ਦੁਕਾਨਦਾਰਾਂ ਅਤੇ ਰੇਹੜੀ ਵਾਲ਼ਿਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਕੁੱਝ ਕੁ ਦੁਕਾਨਦਾਰਾਂ ਅਤੇ ਰੇਹੜੀ ਮਾਲਕਾਂ ਲਈ ਅਜਿਹੀ ਸਪੈਸ਼ਲ ਰਿਆਇਤ ਕਿਉਂ ਹੈ। ਹਲਵਾਈ ਕਿੱਤੇ ਨਾਲ ਜੁੜੇ ਇੱਕ ਦੁਕਾਨਦਾਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਬੀਤੇ ਦਿਨੀਂ ਕੁੱਝ ਖਾਣ-ਪੀਣ ਵਾਲੀਆਂ ਰੇਹੜੀਆਂ ਅਤੇ ਹਲਵਾਈਆਂ ਨੂੰ ਐਸ.ਡੀ.ਐਮ. ਧੂਰੀ ਸ਼੍ਰੀ ਲਤੀਫ ਅਹਿਮਦ ਨੇ ਆਪਣੀਆਂ ਦੁਕਾਨਾਂ,ਹੋਟਲਾਂ ਅਤੇ ਰੇਹੜੀਆਂ ਆਦਿ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਹੋਮ ਡਲਿਵਰੀ ਕਰਨ ਦੇ ਸਖਤ ਆਦੇਸ਼ ਕੀਤੇ ਸਨ। ਇਸ ਦੇ ਬਾਵਜੂਦ ਵੀ ਕਈ ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟਿੱਚ ਸਮਝਦੇ ਹੋਏ ਇਹ ਕੰਮ ਖੁੱਲੇਆਮ ਕੀਤਾ ਜਾ ਰਿਹਾ ਹੈ ਅਤੇ 95% ਖਾਣ-ਪੀਣ ਦਾ ਕੰਮ ਕਰਨ ਵਾਲੇ ਕਾਰੋਬਾਰੀ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਆਏ ਦਿਨ ਭਾਰੀ ਨੁਕਸਾਨ ਉਠਾ ਰਹੇ ਹਨ। ਅਜਿਹੇ ਲੋਕਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕਰਦਿਆਂ ਕਿਹਾ ਕਿ ਸਭ ਲਈ ਕਾਨੂੰਨ ਇੱਕ ਹੋਣਾ ਚਾਹੀਦਾ ਹੈ।