ਕੋਇਡ-19 ਨਾਲ ਨਜਿੱਠਣ ਲਈ ਉਪ ਮੰਡਲ ਧੂਰੀ ’ਚ ਪੰਜ ਟੀਮਾਂ ਦਾ ਗਠਨ
- ਪੰਜਾਬ
- 05 Apr,2020
ਧੂਰੀ, 4 ਅਪ੍ਰੈਲ (ਮਹੇਸ਼ ਜਿੰਦਲ) - ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ’ਤੇ ਆਧਾਰਿਤ ਉਪ ਮੰਡਲ ਧੂਰੀ ’ਚ ਗਠਿਤ ਕੀਤੀਆਂ ਗਈਆਂ ਟੀਮਾਂ ਸਬੰਧੀ ਮੀਟਿੰਗ ਅੱਜ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਹੋਈ। ਇਸ ਮੌਕੇ ਐੱਸ.ਡੀ.ਐੱਮ ਧੂਰੀ ਲਤੀਫ ਅਹਿਮਦ, ਡੀ.ਐੱਸ.ਪੀ. ਧੂਰੀ ਰਛਪਾਲ ਸਿੰਘ ਢੀਂਡਸਾ, ਐੱਸ.ਐਮ.ਓ ਧੂਰੀ ਡਾ. ਗੁਰਸ਼ਰਨ ਸਿੰਘ, ਤਹਿਸੀਲਦਾਰ ਧੂਰੀ ਹਰਜੀਤ ਸਿੰਘ ਤੇ ਡਾ. ਪਰਗਟ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਐੱਸ.ਡੀ.ਐਮ ਧੂਰੀ ਲਤੀਫ ਅਹਿਮਦ ਨੇ ਦੱਸਿਆ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਹਾਂਮਾਰੀ ਨੂੰ ਰੋਕਣ ਲਈ ਆਪਣੇ ਘਰਾਂ ਅੰਦਰ ਰਹਿਣ। ਉਨਾਂ ਦੱਸਿਆ ਕਿ ਜੇਕਰ ਕੋਵਿਡ-19 ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾਂ ਉਪ ਮੰਡਲ ਧੂਰੀ ਵਿੱਚ 5 ਮੈਂਬਰੀ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿੰਨਾਂ ਦਾ ਇੱਕ ਇੱਕ ਇੰਚਾਰਜ ਹੋਵੇਗਾ ਅਤੇ ਕੋਈ ਵੀ ਕੇਸ ਪਾਇਆ ਜਾਣ ’ਤੇ ਇਹ ਟੀਮਾਂ ਮੌਕੇ ਉਪਰ ਜਾ ਕੇ ਉਸ ਏਰੀਏ ਨੂੰ ਸੀਲ ਕਰਨਗੀਆਂ ਅਤੇ ਉਸ ਪਰਿਵਾਰ ਦੇ ਸੰਪਰਕ ਵਿੱਚ ਜਿਹੜਾ ਜਿਹੜਾ ਵੀ ਵਿਅਕਤੀ ਆਇਆ ਹੈ, ਉਸ ਬਾਰੇ ਪਤਾ ਕਰਕੇ ਪ੍ਰਸ਼ਾਸ਼ਨ ਨੂੰ ਸੂਚਿਤ ਕਰਨਗੀਆਂ, ਆਉਣ ਜਾਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣਗੀਆਂ ਅਤੇ ਵਿਸ਼ੇਸ਼ ਹਾਲਾਤ ’ਚ ਹੀ ਵਿਅਕਤੀ ਨੂੰ ਆਉਣ ਜਾਣ ਦੀ ਆਗਿਆ ਹੋਵੇਗੀ। ਡੀ.ਐੱਸ.ਪੀ. ਧੂਰੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਕੋਰੋਨਾ ਆਪਣੇ ਆਪ ਹੋਣ ਵਾਲੀ ਬਿਮਾਰੀ ਨਹੀਂ ਹੈ, ਜਿੰਨੀ ਦੇਰ ਤੱਕ ਆਪਾਂ ਇਸਨੂੰ ਬਾਹਰੋਂ ਜਾ ਕੇ ਲੈ ਕੇ ਨਹੀਂ ਆਵਾਂਗੇ, ਇਹ ਘਰ ’ਚ ਨਹੀਂ ਆਵੇਗਾ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸ਼ਨ ਦਾ ਸਾਥ ਦਿੰਦਿਆਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ।