ਧੂਰੀ, 4 ਮਾਰਚ (ਮਹੇਸ਼ ਜਿੰਦਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਰਜਿਸਟਰਡ 3 ਲੱਖ ਦੇ ਕਰੀਬ ਉਸਾਰੀ ਕਿਰਤੀਆਂ ਨੂੰ ਜਾਤ-ਪਾਤ ਤੋਂ ਉੱਪਰ ੳੁੱਠ ਕੇ ਕਰੋੜਾਂ ਰੁਪਏ ਦੀਆਂ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾ ਰਹੇ ਹਨ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਹੀ ਸੂਬੇ ਦਾ ਇੱਕ ਅਜਿਹਾ ਬੋਰਡ ਹੈ ਜਿਹੜਾ ਊਸਾਰੀ ਕਿਰਤੀਆਂ ਨੂੰ ਜਾਤ-ਪਾਤ ਦੇ ਭੇਦ-ਭਾਵ ਤੋਂ ਬਿਨਾਂ ਰਜਿਸਟਰਡ ਕਰਦਾ ਹੈ ਅਤੇ ਇਸ ਵਿੱਚ ਊਸਾਰੀ ਦੇ ਕੰਮ ਨਾਲ ਸਬੰਧਤ ਪਲੰਬਰ, ਇਲੈਕਟ੍ਰੀਸ਼ਨ, ਤਰਖਾਣ, ਪੇਂਟਰ, ਵਾਰ ਵੈਂਡਰ, ਮਜ਼ਦੂਰ, ਮਿਸਤਰੀ ਆਦਿ ਇਸ ਦੇ ਮੈਂਬਰ ਬਣ ਕੇ ਲਾਭ ਲੈ ਸਕਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਧੂਰੀ ਵਿਖੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ ਪੰਜਾਬ ਦੇ ਚੇਅਰਮੈਨ ਸ਼੍ਰੀ ਸੁਸ਼ੀਲ ਸ਼ਰਮਾਂ ਐਡਵੋਕੇਟ ਨੇ ਮਜ਼ਦੂਰਾਂ ਨੂੰ ਜਾਗਰੂਕ ਕਰਦਿਆਂ ਕੀਤਾ। ਉਹਨਾਂ ਰਜਿਸਟਰਡ ਕਿਰਤੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਪਾਸ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਲਈ 1200 ਕਰੋੜ ਤੋਂ ਵੱਧ ਰਕਮ ਦਾ ਫੰਡ ਜਮਾਂ੍ਹ ਪਿਆ ਹੈ। ਉਹਨਾਂ ਦੱਸਿਆ ਕਿ ਬਾਲੜੀ ਸਕੀਮ ਤਹਿਤ ਉਸਾਰੀ ਕਿਰਤੀ ਦੇ ਘਰ ਲੜਕੀ ਪੈਦਾ ਹੋਣ ‘ਤੇ 51 ਹਜ਼ਾਰ ਰੁਪਏ ਦੀ ਐਫ.ਡੀ.ਆਰ. ਅਤੇ ਜੇਕਰ ਬੱਚੀ ਨੂੰ ਜਨਮ ਦੇਣ ਵਾਲੀ ਔਰਤ ਖੁਦ ਲਾਭਪਾਤਰੀ ਹੈ ਤਾਂ ਉਸ ਨੂੰ 20 ਹਜ਼ਾਰ ਵੱਖਰਾ ਦਿੱਤਾ ਜਾਂਦਾ ਹੈ। ਇਸੇ ਤਰਾਂ੍ਹ ਉਸਾਰੀ ਕਿਰਤੀ ਦੀ ਹਾਦਸੇ ਵਿੱਚ ਮੌਤ ਹੋ ਜਾਣ ‘ਤੇ 4 ਲੱਖ ਰੁਪਏ ਦੀ ਮੱਦਦ ਅਤੇ ਦਾਹ-ਸਸਕਾਰ ਲਈ 20 ਹਜ਼ਾਰ ਰੁਪਏ ਵੱਖਰੇ ਤੌਰ ‘ਤੇ ਦਿੱਤਾ ਜਾਂਦਾ ਹੈ ਅਤੇ ਮ੍ਰਿਤਕ ਦੀ ਵਿਧਵਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ ਵਜੀਫਾ 35 ਹਜ਼ਾਰ, ਲੜਕੀਆਂ ਲਈ ਵਜੀਫਾ 40 ਹਜ਼ਾਰ, ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜੀਫਾ 50 ਹਜ਼ਾਰ, ਲੜਕੀਆਂ ਦਾ ਵਜੀਫਾ 55 ਹਜ਼ਾਰ, ਕਿਰਤੀ ਕਾਮਿਆਂ ਦੀਆਂ ਧੀਂਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ 51 ਹਜ਼ਾਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹਾਦਸੇ ਵਿੱਚ ਕਿਰਤੀ ਦੀ ਮੌਤ ਹੋ ਜਾਣ ‘ਤੇ ਬੋਰਡ ਪਾਸ ਰਜਿਸਟਰਡ ਅਤੇ ਅਣ-ਰਜਿਸਟਰਡ ਕਾਮਿਆਂ ਨੂੰ ਵੀ 2 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ, ਬਸ਼ਰਤੇ ਕਿ ਅਣ-ਰਜਿਸਟਰਡ ਕਿਰਤੀ ਬੋਰਡ ਪਾਸ ਰਜਿਸਟਰਡ ਹੋਣ ਦੇ ਯੋਗ ਹੋਵੇ। ਉਹਨਾਂ ਦੱਸਿਆ ਕਿ 10 ਸਾਲ ਪੁਰਾਣੇ ਲਾਭਪਾਤਰੀ ਨੂੰ 60 ਸਾਲ ਦੀ ਉਮਰ ਪੂਰੀ ਹੋ ਜਾਣ ‘ਤੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਵੀ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਅਨੇਕਾਂ ਨਵੇਂ ਫੈਸਲੇ ਉਸਾਰੀ ਕਿਰਤੀਆਂ ਦੇ ਹੱਕ ਵਿੱਚ ਲੈ ਕੇ ਕੈਪਟਨ ਸਰਕਾਰ ਨੇ ਮਜਦੂਰ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਮਜ਼ਦੂਰਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੌਕੇ ਕੌਂਸਲਰ ਅਸ਼ਵਨੀ ਕੁਮਾਰ ਮਿੱਠੂ ਵੀ ਹਾਜ਼ਰ ਸਨ।