ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਚੇਅਰਮੈਨ ਦਾ ਐਲਾਨ ਹੋਣ 'ਤੇ ਟਕਸਾਲੀ ਆਗੂ ਪਹੁੰਚੇ ਕੈਪਟਨ ਦੇ ਦਰਬਾਰ। ਪਾਰਟੀ ਦੇ ਇਸ ਫੈਸਲੇ ਤੋਂ ਟਕਸਾਲੀ ਆਗੂ 'ਤੇ ਵਰਕਰ ਡਾਹਢੇ ਨਰਾਜ਼

ਤਲਵੰਡੀ ਸਾਬੋ, 27 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਨਵਇੰਦਰ ਸਿੰਘ ਨਵੀ ਦਾ ਐਲਾਨ ਕਰਨ ਤੋਂ ਬਾਅਦ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਧੜਿਆਂ ਦੀ ਲੰਮੇ ਸਮੇਂ ਤੋਂ ਅੰਦਰ ਖਾਤੇ ਚਲੀ ਆ ਰਹੀ ਖਿੱਚੋਤਾਣ ਜੱਗ ਜ਼ਾਹਿਰ ਹੋ ਗਈ ਹੈ।ਭਾਵੇਂ ਕਿ ਨਵ ਨਿਯੁਕਤ ਚੇਅਰਮੈਨ ਵੀ ਇੱਕ ਬੇਦਾਗ਼ ਆਗੂ ਵਜੋਂ ਜਾਣੇ ਜਾਂਦੇ ਹਨ ਪ੍ਰੰਤੂ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਧੜੇ ਵੱਲੋਂ ਹੁਣ ਲਗਾਤਾਰ ਪੰਦਰਾਂ ਸਾਲਾਂ ਤੋਂ ਜਿੱਥੇ ਜ਼ਮੀਨੀ ਪੱਧਰ 'ਤੇ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਾਬਕਾ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੂੰ ਤਲਵੰਡੀ ਸਾਬੋ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਦੇਖਿਆ ਜਾ ਰਿਹਾ ਸੀ ਉੱਥੇ ਬੇਦਾਗ਼ ਅਤੇ ਮਿਲਣਸਾਰ ਹੋਣ ਦੇ ਨਾਲ ਨਾਲ ਪਾਰਟੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਹੋਣ ਕਾਰਨ ਚੇਅਰਮੈਨ ਦੇ ਅਹੁਦੇ ਲਈ ਕ੍ਰਿਸ਼ਨ ਸਿੰਘ ਇੱਕ ਮਜ਼ਬੂਤ ਉਮੀਦਵਾਰ ਵਜੋਂ ਦੇਖੇ ਜਾ ਰਹੇ ਸਨ। ਪ੍ਰੰਤੂ ਯੁਵਰਾਜ ਰਣਇੰਦਰ ਸਿੰਘ ਦੇ ਡਰਾਈਵਰ ਪੱਪੀ ਆਧੀਆ ਦੁਆਰਾ ਕਥਿਤ ਰੂਪ 'ਚ ਚੇਅਰਮੈਨੀ ਵੇਚਣ ਕਰਕੇ ਨਵਇੰਦਰ ਸਿੰਘ ਨਵੀ ਨੂੰ ਮਾਰਕੀਟ ਕਮੇਟੀ ਦਾ ਪ੍ਰਧਾਨ ਲਵਾਉਣ ਦੀ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਜਿਸ ਨਾਲ ਜਟਾਣਾ ਧੜੇ ਅਤੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਪਾਰਟੀ ਹਾਈ ਕਮਾਂਡ ਦੇ ਇਸ ਫ਼ੈਸਲੇ ਪ੍ਰਤੀ ਰੋਸ ਜ਼ਾਹਰ ਕਰਨ ਉਪਰੰਤ ਪਿੰਡਾਂ ਦੇ 40 ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਰੁਖ ਕੀਤਾ ਗਿਆ ਜਿਸ ਦੌਰਾਨ ਸੀ ਐੱਮ ਦੇ ਓ ਐੱਸ ਡੀ ਜਗਦੀਪ ਸਿੰਘ ਨੂੰ ਮਿਲਣ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦਾ ਸਮਾਂ ਮੰਗਲਵਾਰ ਦਾ ਮਿਲੀਆ ਹੈ। ਮੀਟਿੰਗ ਦੌਰਾਨ ਹਲਕੇ ਦੇ ਲੋਕਾਂ ਨੂੰ ਕੁੱਝ ਨਵਾਂ ਸੁਣਨ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਹਲਕੇ ਵਿੱਚ ਅਹੁਦੇਦਾਰਾਂ ਵਿੱਚ ਹਾਈ ਕਮਾਂਡ ਵੱਲੋਂ ਸਮਝੌਤਾ ਨਹੀਂ ਕਰਵਾਇਆ ਜਾਂਦਾਂ ਤਾਂ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਤਲਵੰਡੀ ਸਾਬੋ ਤੋਂ ਨੂੰ ਕਾਂਗਰਸ ਪਾਰਟੀ ਨੂੰ ਸੀਟ ਆਪਣੀ ਝੋਲੀ ਵਿੱਚ ਪਾਣੀ ਮੁਸ਼ਕਲ ਹੋ ਜਾਵੇਗੀ। ਇਸ ਸਬੰਧੀ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਇਸ ਚੋਣ ਨੂੰ ਇਕ ਕਥਿਤ ਸੌਦੇਬਾਜ਼ੀ ਦੱਸਦਿਆਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਦੇ ਇਸ ਗਲਤ ਫੈਸਲੇ ਪ੍ਰਤੀ ਨਰਾਜ਼ ਹਨ ਕਿਉਂਕਿ ਉਹਨਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਲਈ ਨਿਧੜਕ ਹੋ ਕੇ ਕੰਮ ਕੀਤਾ ਹੈ ਜਦੋਂ ਕਿ ਚੇਅਰਮੈਨੀ ਲਈ ਨਾਮਜ਼ਦ ਕੀਤੇ ਗਏ ਵਿਅਕਤੀ ਦਾ ਪਾਰਟੀ ਲਈ ਕੋਈ ਵੱਡੀ ਦੇਣ ਨਹੀਂ ਹੈ। ਇੱਕ ਸਵਾਲ ਦੇ ਜਵਾਬ 'ਚ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਬਲਵੀਰ ਸਿੰਘ ਸਿੱਧੂ ਦਾ ਕੋਈ ਰੋਲ ਨਹੀਂ ਹੈ ਇਹ ਤਾਂ ਯੁਵਰਾਜ ਰਣਇੰਦਰ ਸਿੰਘ ਦੇ ਡਰਾਇਵਰ ਦਾ ਕੀਤਾ ਕਰਾਇਆ ਹੈ।