ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ (ਰਾਜ਼ੇਸ਼ ਬਾਂਸਲ): ਝੋਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਅੱਗ ਲਗਾਉਣ ਦੇ ਵਰਤਾਰੇ ਨੂੰ ਪੂਰੀ ਤਰ੍ਹਾਂ ਰੋਕਣ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਲਾਗੂ ਕਰਨ ਹਿੱਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਐਨ.ਐਸ.ਐਸ ਗਰਲਜ਼ ਯੂਨਿਟ ਵੱਲੋਂ ਪਿੰਡ ਬਖਸ਼ੀਵਾਲਾ ਵਿਖੇ ਚੇਤਨਾ ਮਾਰਚ ਕੱਢਿਆ ਗਿਆ। ਇਸ ਜਾਗਰੂਕਤਾ ਮੁਹਿੰਮ ਵਿੱਚ ਵਲੰਟੀਅਰਾਂ ਨੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਸਾਨੂੰ ਸਾਂਹ ਲੈਣ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਨਾਲ ਹੀ ਦੁਰਘਟਨਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਨਾਲ ਜਿਥੇ ਕੀਮਤੀ ਖ਼ੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ ਉਥੇ ਪ੍ਰਦੂਸ਼ਿਤ ਹਵਾ ਕਾਰਨ ਸਾਨੂੰ ਅਨੇਕਾਂ ਤਰਾਂ ਦੀਆਂ ਲਾ-ਇਲਾਜ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪ੍ਰੋਗਰਾਮ ਅਫਸਰ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਰਾਲੀ ਸਾੜਨ ਨਾਲ ਅੱਗ ਦੀਆਂ ਲਪਟਾਂ ਵਿੱਚ ਇੱਕਲੇ ਜੀਵ-ਜੰਤੂਆਂ ਦਾ ਹੀ ਖਾਤਮਾ ਨਹੀਂ ਹੁੰਦਾ ਸਗੋਂ ਕਈ ਵਾਰ ਮਨੁੱਖੀ ਜਾਨਾਂ ਵੀ ਅਜਾਈਂ ਚਲੀਆਂ ਜਾਂਦੀਆਂ ਹਨ। ਜੇਕਰ ਕਿਸਾਨ ਫ਼ਸਲ ਦੀ ਰਹਿੰਦ-ਖੁਹੰਦ ਨੂੰ ਜ਼ਮੀਨ ਵਿੱਚ ਹੀ ਖਪਾ ਦੇਣ ਤਾਂ ਇਸ ਨਾਲ ਜਿੱਥੇ ਜ਼ਮੀਨ ਦੀ ਗੁਣਵੱਤਾ ਵਧੇਗੀ ਅਤੇ ਜ਼ਿਆਦਾ ਖਾਦਾਂ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਮੌਕੇ ਪ੍ਰੋ. ਸਤਿੰਦਰ ਸਿੰਘ, ਤਰਸੇਮ ਸਿੰਘ ਅਤੇ ਭਰਪੂਰ ਸਿੰਘ ਹਾਜ਼ਰ ਸਨ।