ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਹੋਈ ਕਾਮਰਸ ਐਸੋਸੀਏਸ਼ਨ ਦੀ ਸਥਾਪਨਾ

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਅੱਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਅਗਵਾਈ ਹੇਠ ਕਾਮਰਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਸਥਾਪਨਾ ਮੌਕੇ ਇੱਕ ਰੋਜ਼ਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਡੀਨ ਅਕਾਦਮਿਕ ਮਾਮਲੇ ਡਾ. ਸਤਿੰਦਰ ਕੌਰ ਮਾਨ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਕਾਮਰਸ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਜਨਦੀਪ ਕੌਰ ਨੇ ਕਾਮਰਸ ਐਸੋਸੀਏਸ਼ਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਗਾਂਹਵਧੂ, ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦੇ ਲਈ ਸਮੁੱਚੇ ਪਲੇਟਫਾਰਮ ਦੀ ਜ਼ਰੂਰਤ ਹੈ ਜਿੱਥੇ ਵਿਦਿਆਰਥੀ ਇੱਕ ਐਸੋਸੀਏਸ਼ਨ ਵਿੱਚ ਬੱਝ ਕੇ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਕਿ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇੱਕ ਉਸਾਰੂ ਸ਼ਖ਼ਸੀਅਤ ਬਣਾਇਆ ਜਾ ਸਕੇ। ਐਸੋਸੀਏਸ਼ਨ ਦੀ ਪ੍ਰਧਾਨ ਮਿਸ ਸੁਨੈਨਾ ਐਮ ਕਾਮ ਭਾਗ ਦੂਜਾ ਦੀ ਵਿਦਿਆਰਥਣ, ਮੀਤ ਪ੍ਰਧਾਨ ਲਵਪ੍ਰੀਤ ਐੱਮ ਕਾਮ ਭਾਗ ਪਹਿਲਾ, ਸੈਕਟਰੀ ਕਮ ਕੈਸ਼ੀਅਰ ਟਵਿੰਕਲ ਬੀਕਾਮ ਭਾਗ ਤੀਜਾ, ਅਮਨਦੀਪ ਕੌਰ ਬੀ ਕਾਮ ਆਨਰਜ਼ ਭਾਗ ਤੀਜਾ ਨੂੰ ਚੁਣਿਆ ਗਿਆ ਅਤੇ ਪੰਦਰਾਂ ਮੈਂਬਰ ਜੋ ਕਿ ਪੂਰੇ ਡਿਪਾਰਟਮੈਂਟ ਦੀਆਂ ਵੱਖ ਵੱਖ ਕਲਾਸਾਂ ਵਿੱਚੋਂ ਚੁਣੇ ਗਏ। ਇਸ ਮੌਕੇ ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਬੀ. ਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਵੱਲੋਂ ਕੰਪਨੀ ਦੀ ਪੇਸ਼ਕਾਰੀ ਕਰਦੇ ਹੋਏ ਰੋਲ ਪਲੇਅ ਨਾਮਕ ਗਤੀਵਿਧੀ ਦਾ ਆਯੋਜਨ ਕੀਤਾ। ਵਿਭਾਗ ਦੇ ਪ੍ਰੋਫੈਸਰ ਰਾਜਬੀਰ ਕੌਰ, ਪ੍ਰੋਫੈਸਰ ਅਰੁਣ, ਪ੍ਰੋਫ਼ੈਸਰ ਰਵਨੀਤ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਂਦੇ ਹੋਏ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਪ੍ਰੋਫੈਸਰ ਜੀਤਇੰਦਰ ਕੌਰ ਵੀ ਮੌਜੂਦ ਸਨ। ਬੀ ਕਾਮ ਭਾਗ ਤੀਜਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ।