ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਨਵਾਂਸ਼ਹਿਰ, 23 ਮਈ (ਪੱਤਰ ਪ੍ਰੇਰਕ) - ਮਿਤੀ 11-05-2020 ਨੂੰ ਬਲਵੰਤ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 10-05-2020 ਨੂੰ ਉਹ ਤੇ ਉਸਦਾ ਲੜਕਾ ਸਨਪ੍ਰੀਤ ਸਿੰਘ ਖੇਤਾਂ ਵਿੱਚ ਕੰਮ ਕਰਨ ਗਏ ਤੇ ਉਹ ਖੇਤਾਂ ਤੋਂ ਸ਼ਾਮ 06:30 ਵਜੇ ਘਰ ਆ ਗਿਆ। ਜਦੋਂ ਰਾਤ 10:00 ਤੱਕ ਉਸਦਾ ਲੜਕਾ ਘਰ ਨਹੀਂ ਆਇਆ ਤਾਂ ਉਸਨੇ ਆਪਣੇ ਲੜਕੇ ਨੂੰ ਫੋਨ ਕੀਤਾ, ਉਸਦਾ ਫੋਨ ਨਹੀਂ ਲੱਗ ਰਿਹਾ ਸੀ, ਉਹ ਘਰ ਤੋਂ ਪਿੰਡ ਸ਼ੇਖਾ ਮਜਾਰਾ ਖੇਤਾ ਵੱਲ ਨੂੰ ਉਸਦਾ ਪਤਾ ਕਰਨ ਜਾ ਰਿਹਾ ਸੀ ਤਾਂ ਗੜੀ ਮੋੜ, ਰਾਹੋਂ ਸਾਈਡ ਉਸਦੇ ਲੜਕੇ ਦੀ ਕਿਸੇ ਨਾ-ਮਲੂਮ ਵਹੀਕਲ ਨਾਲ ਐਕਸੀਡੈਂਟ ਹੋਣ ਨਾਲ ਮੌਤ ਹੋ ਚੁੱਕੀ ਸੀ ਤੇ ਉਸਦੇ ਲੜਕੇ ਦੀ ਛਾਤੀ ਅਤੇ ਮੂੰਹ ਦੇ ਖੱਬੇ ਪਾਸੇ ਸਖਤ ਸੱਟਾਂ ਦੇ ਨਿਸ਼ਾਨ ਸਨ, ਜਿਸ ਤੇ ਨਾ-ਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 47 ਮਿਤੀ 11-05-2020 ਅ/ਧ 279,304-ਏ ਭ:ਦ:ਥਾਣਾ ਰਾਹੋਂ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਮਿ੍ਰਤਕ ਸਨਪ੍ਰੀਤਸਿੰਘ ਦੀ ਪੋਸਟ ਮਾਰਟਮ ਰਿਪੋਰਟ ਮੁਬਾਤਿਕ ਇਸਦੇ ਸਰੀਰ ਤੇ ਤੇਜਧਾਰ ਹਥਿਆਰਾਂ ਨਾਲ 14 ਸੱਟਾਂ ਲੱਗਣ ਕਰਕੇ ਮੌਤ ਹੋਈ ਹੈ, ਜਿਸ ਤੇ ਮੁਕੱਦਮਾ ਵਿੱਚ ਜੁਰਮ 279,304-ਏ ਭ:ਦ: ਦਾ ਘਾਟਾ ਕਰਕੇ ਜੁਰਮ 302,34 ਭ:ਦ: ਦਾ ਵਾਧਾ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਹੋਇਆ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਨਾ-ਮਲੂਮ ਦੋਸ਼ੀਆਂ ਨੂੰ ਟਰੇਸ ਕਰਨ ਲਈ ਮੁਕੱਦਮਾ ਦੀ ਆਇੰਦਾ ਤਫਤੀਸ਼ ਕਪਤਾਨ ਪੁਲਿਸ (ਜਾਂਚ), ਸ਼ਭਸ ਨਗਰ, ਉਪ ਕਪਤਾਨ ਪੁਲਿਸ (ਜਾਂਚ), ਸ਼ਭਸ ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ.ਆਈ.ਏ, ਸ਼ਭਸ ਨਗਰ ਨੂੰ ਸੌਪੀ ਗਈ। ਇਸ ਟੀਮ ਦੀ ਪਿਛਲੇ ਇੱਕ ਹਫਤੇ ਦੀ ਅਣਥੱਕ ਮਿਹਨਤ ਦੇ ਸਿੱਟੇ ਵਜੋਂ ਦੋਸ਼ੀ ਜਗਦੀਪ ਸਿੰਘ ਉਰਫ ਬੱਬੂ ਬਾਜਵਾ, ਬਖਸ਼ੀਸ਼ ਸਿੰਘ ਉਰਫ ਬੱਬੀ, ਹਰਸ਼, ਜਨਿਤ ਕੁਮਾਰ ਉਰਫ ਜਿੰਨੀ ਵਾਸੀਆਨ ਰਾਹੋਂ, ਹਰਜਿੰਦਰ ਸਿੰਘ ਉਰਫ ਭੁੱਟਾ ਅਤੇ ਕਮਲਜੀਤ ਵਾਸੀਆ ਗੜ੍ਹ ਪਧਾਣਾ ਨੂੰ ਟਰੇਸ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਦੋਸ਼ੀਆ ਨੇ ਮੰਨਿਆ ਕਿ ਮਿਤੀ 10-05-2020 ਦੀ ਦੇਰ ਰਾਤ ਨੂੰ ਉਹ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਸ਼ਰਾਬ ਅਤੇ ਭੰਗ ਪੀ ਕੇ 02 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਰਾਹੋਂ ਤੋਂ ਮਾਛੀਵਾੜਾ ਰੋਡ ਪਰ ਗਏ ਸਨ, ਰਸਤੇ ਵਿੱਚ ਸਨਪ੍ਰੀਤ ਸਿੰਘ ਮਾਂਗਟ ਆਪਣੇ ਮੋਟਰ ਸਾਈਕਲ ਤੇ ਆ ਰਿਹਾ ਸੀ, ਉਹਨਾਂ ਨੇ ਆਪਣੇ ਮੋਟਰ ਸਾਈਕਲ ਉਸ ਦੇ ਮੋਟਰ ਸਾਈਕਲ ਅੱਗੇ ਲਗਾ ਕੇ ਇਸ ਨੂੰ ਘੇਰ ਲਿਆ ਅਤੇ ਸਨਪ੍ਰੀਤ ਸਿੰਘ ਨਾਲ ਇਹਨਾਂ ਦਾ ਤਕਰਾਰ ਹੋ ਗਿਆ। ਸਨਪ੍ਰੀਤ ਸਿੰਘ ਦੇ ਵਿਰੋਧ ਕਰਨ ਤੇ ਬੱਬੂ ਬਾਜਵਾ, ਬਖਸ਼ੀਸ਼ ਬੱਬੀ ਅਤੇ ਇਹਨਾਂ ਦੇ ਸਾਥੀਆਂ ਨੇ ਲੁੱਟ ਕਰਨ ਦੇ ਇਰਾਦੇ ਨਾਲ ਆਪਣੇ ਤੇਜਧਾਰ ਹਥਿਆਰਾਂ ਨਾਲ ਪਹਿਲਾਂ ਮਿ੍ਰਤਕ ਸਨਪ੍ਰੀਤ ਸਿੰਘ ਦੇ ਖੜ੍ਹੇ ਦੇ ਵਾਰ ਕੀਤੇ, ਫਿਰ ਇਸਦੇ ਡਿੱਗੇ ਪਏ ਦੇ ਮਾਰ ਦੇਣ ਦੀ ਨੀਯਤ ਨਾਲ ਕਾਫ਼ੀ ਵਾਰ ਕੀਤੇ, ਜਿਸ ਨਾਲ ਸਨਪ੍ਰੀਤ ਸਿੰਘ ਦੀ ਮੌਕਾ ਤੇ ਹੀ ਮੌਤ ਹੋਈ ਹੈ ਤੇ ਸਾਰੇ ਹਮਲਾਵਰ ਮਿ੍ਰਤਕ ਸਨਪ੍ਰੀਤ ਸਿੰਘ ਮਾਂਗਟ ਦੀ ਜੇਬ ਵਿੱਚੋਂ 15,000/- ਰੁਪਏ, ਇੱਕ ਚਾਂਦੀ ਦੀ ਚੈਨੀ ਤੇ ਪਰਸ ਲੁੱਟ ਕੇ ਫਰਾਰ ਹੋ ਗਏ।ਦੋਰਾਨੇ ਪੁੱਛਗਿੱਛ ਦੋਸ਼ੀਆ ਨੇ ਇਹ ਵੀ ਮੰਨਿਆ ਕਿ ਉਹਨਾਂ ਦੀ ਮਿ੍ਰਤਕ ਸਨਪ੍ਰੀਤ ਸਿੰਘ ਨਾਲ ਨਾ ਹੀ ਪਹਿਲਾਂ ਕੋਈ ਰੰਜਸ਼ ਸੀ ਅਤੇ ਨਾ ਹੀ ਕੋਈ ਨਿੱਜੀ ਦੁਸ਼ਮਣੀ ਸੀ, ਉਹਨਾਂ ਨੇ ਇਸ ਵਾਰਦਾਤ ਨੂੰ ਸਿਰਫ਼ ਲੁੱਟ-ਖੋਹ ਕਰਨ ਦੀ ਨੀਯਤ ਨਾਲ ਅੰਜਾਮ ਦਿੱਤਾ ਸੀ। ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਤੇਜਧਾਰਹਥਿਆਰ ਅਤੇ 02 ਮੋਟਰ ਸਾਈਕਲ ਬ੍ਰਾਮਦ ਕਰ ਲਏ ਗਏ ਹਨ। ਗਿ੍ਰਫਤਾਰ ਦੋਸ਼ੀਆਂ ਦੀ ਉਮਰ ਕਰੀਬ18 ਤੋਂ 24 ਸਾਲ ਦੇ ਵਿਚਕਾਰ ਹੈ। ਦੋਸ਼ੀਆਂ ਨੂੰ ਅੱਜ ਮਿਤੀ 23-05-2020 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੱੁਛਗਿੱਛ ਕੀਤੀਜਾਵੇਗੀ, ਜੋ ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਖੁਲਾਸੇ ਹੋ ਸਕਦੇ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿ੍ਰਤਕ ਸਨਪ੍ਰੀਤ ਸਿੰਘ ਮਾਂਗਟ ਦੇ ਖਿਲਾਫ਼ ਅਪ੍ਰੈਲ-2017 ਵਿੱਚ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਦਰਜ ਹੋਣ ਕਰਕੇ ਇਸਨੂੰ ਪੱਤਰਕਾਰੀ ਤੋਂ ਹਟਾ ਦਿੱਤਾ ਗਿਆ ਸੀ। ਸਾਲ-2019 ਦੋਰਾਨ ਇਸਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਇੱਕ ਮਾਮਲਾ ਹੋਰ ਦਰਜ ਹੋ ਗਿਆ, ਇਸ ਸਮੇਂ ਇਸ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਦੇ 02 ਮੁਕੱਦਮੇ ਦਰਜ ਹਨ, ਜੋ ਇਹ ਦੋਵੇਂ ਮੁਕੱਦਮੇ ਜੇਰੇ ਸਮਾਇਤ ਅਦਾਲਤ ਹਨ।