ਪਟਿਆਲਾ, 31 ਅਗਸਤ (ਪੀ ਐੱਸ ਗਰੇਵਾਲ) - ਸਕਾਲਰ ਫੀਲਡਜ਼ ਪਬਲਿਕ ਸਕੂਲ ਵੱਲੋਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਵਾਤਾਵਰਨ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਕੂਲ ਵੱਲੋਂ ‘ਅਧਿਆਪਕ ਮਾਪੇ ਮੀਟਿੰਗ’ ਦੌਰਾਨ ਮਾਪਿਆਂ ਨੂੰ ਫੁੱਲਾਂ, ਫਲਾਂ ਅਤੇ ਛਾਂ ਵਾਲੇ 600 ਦੇ ਕਰੀਬ ਬੂਟੇ ਵੰਡੇ ਗਏ। ਜੋ ਕਿ ਸਕੂਲ ਦੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸਲਾਘਾਯੋਗ ਉਪਰਾਲਾ ਹੈ। ਅੱਜ ਸਾਡਾ ਵਾਤਾਵਰਨ ਦਿਨੋਂ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਜੋ ਬੁੱਧੀਜੀਵੀਆਂ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮਨੁੱਖ ਨੇ ਆਪਣੇ ਸਵਾਰਥ ਹਿੱਤ ਕੁਦਰਤੀ ਸੋਮੇ ਹਵਾ, ਪਾਣੀ, ਮਿੱਟੀ ਨੂੰ ਬਹੁਤ ਜਿਆਦਾ ਦੂਸ਼ਿਤ ਕਰ ਦਿੱਤਾ ਹੈ। ਜਿਸ ਕਾਰਨ ਦਿਨੋਂ-ਦਿਨ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਮਨੁੱਖਾਂ ਦੀ ਉਮਰ ਘੱਟਦੀ ਜਾ ਰਹੀ ਹੈ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਬਿੰਦੂ ਕੋਹਲੀ ਨੇ ਕਿਹਾ ਕਿ ਸਿਰਫ ਬੂਟੇ ਲਾਉਣ ਨਾਲ ਸਾਡੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸਗੋਂ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਸਾਡਾ ਫਰਜ ਹੈ। ਸਾਨੂੰ ਆਪਣੇ ਘਰ ਅਤੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਲਈ ਇੱਕ ਚੰਗਾ ਸਮਾਜ ਸਿਰਜ ਸਕੀਏ। ਮੀਟਿੰਗ ਦੌਰਾਨ ਆਏ ਮਾਪਿਆਂ ਨੇ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵੱਲੋਂ ਕੀਤੇ ਨਿਵੇਕਲੇ ਉਪਰਾਲੇ ਦੀ ਸਲਾਘਾ ਕੀਤੀ।