'ਮੇਰਾ ਹਲਕਾ, ਮੇਰਾ ਪਰਿਵਾਰ' ਮੁਹਿੰਮ ਤਹਿਤ ਸਾਬਕਾ ਵਿਧਾਇਕ ਸਿੱਧੂ ਨੇ ਹਲਕੇ ਦੇ ਪਿੰਡਾਂ ਦੇ ਆਗੂਆਂ ਨਾਲ ਕੀਤੀ ਮੁਲਾਕਾਤ।

ਤਲਵੰਡੀ ਸਾਬੋ, 8 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹਲਕੇ ਅੰਦਰ ਵਿੱਢੀਆਂ ਰਾਜਸੀ ਸਰਗਰਮੀਆਂ ਦੀ ਲੜੀ ਤਹਿਤ ਆਰੰਭੀ 'ਮੇਰਾ ਹਲਕਾ, ਮੇਰਾ ਪਰਿਵਾਰ' ਮੁਹਿੰਮ ਤਹਿਤ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਪੁੱਜੇ ਪਾਰਟੀ ਆਗੂਆਂ ਤੇ ਬੂਥ ਪੱਧਰੀ ਆਗੂਆਂ ਨਾਲ ਮੀਟਿੰਗ ਕੀਤੀ ਗਈ। ਸਾਬਕਾ ਵਿਧਾਇਕ ਨੇ ਇਸ ਮੌਕੇ ਪਾਰਟੀ ਆਗੂਆਂ ਨੂੰ ਜਜਬਾਤੀ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੇ ਹਲਕੇ ਦੇ ਹਰ ਆਗੂ ਜਾਂ ਵਰਕਰ ਨੂੰ ਆਪਣੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਸਮਝਿਆ ਹੈ। ਭਾਵੇਂ ਰਾਜਨੀਤੀ ਵਿੱਚ ਉਤਾਰ ਚੜਾਅ ਆਏ ਪਰ ਉਨਾਂ ਦੀ ਟੀਮ ਨੇ ਨਾ ਕਦੇ ਉਨਾਂ ਦਾ ਸਾਥ ਛੱਡਿਆ ਤੇ ਨਾਂ ਹੀ ਉਨਾਂ ਨੇ ਕਦੇ ਆਪਣੇ ਕਿਸੇ ਸਾਥੀ ਨੂੰ ਪਿੱਛਾ ਦਿੱਤਾ ਹੈ ਇਸਲਈ ਅੱਜ ਵੀ ਉਨਾਂ ਦੀ ਟੀਮ ਸਮੁੱਚੇ ਹਲਕੇ ਵਿੱਚ ਮਜਬੂਤੀ ਨਾਲ ਆਪਣਾ ਕੰਮ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਉਕਤ ਮਜਬੂਤੀ ਦੀ ਮੋਹਰ ਉਸ ਸਮੇਂ ਲੱਗੇਗੀ ਜਦੋਂ ਲੋਕ ਸਭਾ ਚੋਣਾਂ ਵਿੱਚ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਲੀਡ ਹਾਸਿਲ ਕਰੀਏ। ਇਸ ਮੌਕੇ ਸਮੂਹ ਵਰਕਰਾਂ ਨੇ ਸਿੱਧੂ ਨੂੰ ਵਿਸ਼ਵਾਸ ਦਵਾਇਆ ਕਿ ਉਹ ਅੱਜ ਤੋਂ ਹੀ ਆਪੋ ਆਪਣੇ ਪਿੰਡਾਂ ਵਿੱਚ ਮੋਰਚੇ ਸੰਭਾਲ ਰਹੇ ਹਨ ਤੇ ਲੋਕ ਸਭਾ ਚੋਣਾਂ ਵਿੱਚ ਆਪੋ ਆਪਣੇ ਪਿੰਡਾਂ ਤੋਂ ਵੋਟ ਵਧਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਗ ਸਿੰਘ ਕਾਕਾ ਹਲਕਾ ਪ੍ਰਧਾਨ, ਸੁਖਬੀਰ ਚੱਠਾ ਯੂਥ ਪ੍ਰਧਾਨ, ਜਸਪਾਲ ਲਹਿਰੀ ਸੂਬਾ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ, ਟਹਿਲ ਲਹਿਰੀ, ਅੰਗਰੇਜ ਗਾਂਧੀ ਆਦਿ ਆਗੂ ਹਾਜਿਰ ਸਨ।