ਪਟਿਆਲਾ, 3 ਮਾਰਚ(ਪੀ ਐੱਸ ਗਰੇਵਾਲ)-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਟੀਕਾ ਲਗਵਾਉਣ ਲਈ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ। ਅੱਜ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ ਅਤੇ ਸਹਾਇਕ ਕਮਿਸ਼ਨਰ ਇਸਮਤ ਵਿਜੈ ਸਿੰਘ ਨੇ ਮਾਤਾ ਕੌਂਸਲਿਆ ਹਸਪਤਾਲ ਵਿਖੇ ਕੋਵਿਡ ਦੇ ਟੀਕੇ ਦੀ ਆਪਣੀ ਦੂਜੀ ਡੋਜ਼ ਲਗਵਾਈ।ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਸ ਮੌਕੇ ਕਿਹਾ ਕਿ ਪਹਿਲੇ ਪੜਾਅ ਜਿਸ ਵਿੱਚ ਸਿਹਤ ਕਾਮਿਆਂ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ ਸੀ, ਤੋਂ ਬਾਅਦ ਦੂਜੇ ਪੜਾਅ 'ਚ ਰੱਖਿਆ ਮੰਤਰਾਲੇ, ਜਲ ਸਪਲਾਈ ਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ ਅਤੇ ਮਾਲ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਹੁਣ ਤੀਜੇ ਪੜਾਅ 'ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ 45 ਤੋਂ 60 ਸਾਲ ਦੇ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੀਜੇ ਪੜਾਅ 'ਚ ਟੀਕਾਕਰਨ ਲਈ ਕੋਵਿਨ ਐਪ 2.0, ਅਰੋਗਿਆ ਸੇਤੂ ਐਪ ਅਤੇ ਨੇੜਲੇ ਟੀਕਾਕਰਨ ਕੇਂਦਰ 'ਚ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਇਥੇ ਸਪਸ਼ਟ ਕੀਤਾ ਕਿ ਇਸ ਦੌਰਾਨ, ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਣ ਇਸ ਦੌਰ ਦੇ ਨਾਲ-ਨਾਲ ਜਾਰੀ ਰਹੇਗਾ।ਟੀਕਾਕਰਣ ਕਰਵਾਉਣ ਬਾਅਦ ਏ ਡੀ ਸੀ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਕੋਵਿਡ ਦੀ ਦਵਾਈ ਦਾ ਦੂਜਾ ਡੋਜ਼ ਲਗਵਾਇਆ ਗਿਆ ਹੈ। ਉਨ੍ਹਾਂ ਹੋਰਨਾਂ ਨੂੰ ਵੀ ਅੱਗੇ ਆ ਕੇ ਟੀਕਾਕਰਣ ਮੁਹਿੰਮ ਦਾ ਹਿੱਸਾ ਬਣ ਕੇ ਕੋਵਿਡ ਖ਼ਿਲਾਫ਼ ਲੜਾਈ ਲੜਨ 'ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।