ਤਲਵੰਡੀ ਸਾਬੋ, 24 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਿਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਅਤੇ ਧੂੰਮ ਧੜੱਕੇ ਨਾਲ ਸਮਾਪਤ ਹੋਇਆ। ਇਸ ਸਮਾਗਮ ਮੌਕੇ ਸ. ਜਗਜੀਤ ਸਿੰਘ ਚੀਮਾ ਰਿਟਾ. ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਲਵੰਡੀ ਸਾਬੋ ਦੁਆਰਾ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਭਰੀ ਅਤੇ ਮਾਸਟਰ ਮਾਈਂਡ ਸਕੂਲ ਬੰਗੀ ਰੁਘੂ ਦੇ ਪ੍ਰਬੰਧਕ ਸ. ਸਰਬਜੀਤ ਸਿੰਘ ਬੰਗੀ ਅਤੇ ਸੈਂਟਰ ਹੈੱਡ ਟੀਚਰ ਸ੍ਰੀ ਗੋਬਿੰਦ ਰਾਮ ਲਹਿਰੀ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ ਹੋਏ। ਇਸ ਮੌਕੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਿਕ ਪ੍ਰੋਗਰਾਮ ਦੌਰਾਨ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈ। ਲੜਕੀਆਂ ਦੁਆਰਾ ਨੰਨੇ-ਮੁੰਨੇ ਬੱਚਿਆਂ ਦੁਆਰਾ ਇਤਨੀ ਸੀ ਹਸੀ, ਇੱਕ ਵਟਾ ਦੋ ਦੋ ਵਟਾ ਚਾਰ, ਗਲਤੀ ਸੇ ਮਿਸਟੇਕ, ਕਵਾਲੀ ਆਦਿ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਕਾਮੇਡੀ ਸਕਿੱਟ ਡਾ. ਤੀਰ ਤੁੱਕਾ ਅਤੇ ਟੈਲੀਫੋਨ ਨੇ ਜਿੱਥੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਉੱਥੇ ਸਕਿੱਟ ਰੱਬ ਦੀ ਕੁਰਸੀ ਨੇ ਧਰਮਾਂ ਦੇ ਨਾਮ 'ਤੇ ਪੈ ਰਹੀਆਂ ਵੰਡੀਆਂ ਦੀ ਗੱਲ ਨੂੰ ਪੇਸ਼ ਕੀਤਾ। ਇਸੇ ਤਰ੍ਹਾਂ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੋਰੀਓਗ੍ਰਾਫੀ ਸਰਹੰਦ ਦੀ ਦੀਵਾਰ ਅਤੇ ਨਸ਼ੇੜੀ ਪੁੱਤ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪੰਜਾਬੀ ਲੋਕ ਨਾਚ ਲੁੱਡੀ, ਭੰਗੜਾ, ਰਾਜਸਥਾਨੀ ਡਾਂਸ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਜਦੋਂਕਿ ਗਿੱਧੇ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਕੋਰੀਓਗ੍ਰਾਫੀ ਸੂਰਜਾ-ਸੂਰਜਾ ਫੱਟੀ ਸੁਕਾ, ਅਨਪੜ੍ਹਤਾ ਇੱਕ ਸਰਾਪ, ਇਹ ਕੇਹੀ ਰੁੱਤ ਆਈ, ਆਪਣਾ ਪੰਜਾਬ, ਫੌਜੀ ਕਰਤਾਰਾ, ਇੰਡੀਆ-ਕੈਨੇਡਾ, ਖੇਡਣ ਦੇ ਦਿਨ ਚਾਰ, ਸੱਥਾਂ ਆਦਿ ਵਿੱਚ ਵੀ ਬੱਚਿਆਂ ਨੇ ਸਫਲ ਮੰਚਨ ਕੀਤਾ। ਇਸ ਮੌਕੇ ਛੋਟੇ-ਵੱਡੇ ਬੱਚਿਆਂ ਦੁਆਰਾ ਵੱਖ-ਵੱਖ ਰਾਜਾਂ ਦੀ ਬੋਲੀ ਅਤੇ ਪਹਿਰਾਵੇ ਦੇ ਫੈਸ਼ਨ ਸ਼ੋਅ ਨੂੰ ਵੀ ਦਰਸ਼ਕਾਂ ਨੇ ਖੂਬ ਸਰਾਹਿਆ। ਸਮਾਗਮ ਦੌਰਾਨ ਸਕੂਲ ਪ੍ਰਬੰਧਕ ਸ. ਲਖਵੀਰ ਸਿੰਘ ਸੇਖੋਂ ਨੇ ਜਿੱਥੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਉੱਥੇ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਬੱਚਿਆਂ ਲਈ ਤਿਆਰ ਭਵਿੱਖੀ ਯੋਜਨਾਵਾਂ 'ਤੇ ਚਾਨਣਾ ਪਾਇਆ। ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਸ. ਜਗਜੀਤ ਸਿੰਘ ਚੀਮਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਕਤ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ ਉਥੇ ਖੇਡਾਂ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਇਸ ਸਕੂਲ ਕੋਲ ਐਨੇ ਹੁਨਰ ਵਾਲੇ ਬੱਚੇ ਹਨ ਕਿ ਕਿਸੇ ਵੀ ਵੱਡੀ ਸਟੇਜ 'ਤੇ ਆਪਣੀ ਚੰਗੀ ਪੇਸ਼ਕਾਰੀ ਦੇ ਸਕਦੇ ਹਨ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਗੁਰਜੰਟ ਸਿੰਘ ਦੁਆਰਾ ਨਿਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ, ਸੈਕਰੇਟਰੀ ਮੈਡਮ ਪਰਮਜੀਤ ਕੌਰ ਜਗਾ, ਜਗਸੀਰ ਸਿੰਘ ਸੇਖੋਂ, ਪ੍ਰਿੰ. ਚਰਨਜੀਤ ਸਿੰਘ, ਮਾ. ਕਰਨੈਲ ਸਿੰਘ, ਮਨਦੀਪ ਸਿੰਘ ਕਿੰਗਡਮ ਕੰਪਿਊਟਰ ਤਲਵੰਡੀ ਸਾਬੋ, ਸੀਂਗੋ ਚੌਂਕੀ ਇੰਚਾਰਜ ਗੁਰਦਰਸ਼ਨ ਸਿੰਘ ਅਤੇ ਬੋਘਾ ਸਿੰਘ, ਯਾਦਵਿੰਦਰ ਸਿੰਘ ਬੰਗੀ, ਨੰਬਰਦਾਰ ਜਸਪਾਲ ਸਿੰਘ ਲਹਿਰੀ, ਡਾ. ਮਲਕੀਤ ਮਾਨ, ਕੇਵਲ ਸਿੰਘ ਬਲਾਕ ਐਜੂਕੇਟਰ ਸਿਵਲ ਹਸਪਤਾਲ ਤਲਵੰਡੀ ਸਾਬੋ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।