ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਧੂਮਧਾਮ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਫਾਇਨ ਆਰਟਸ ਵਿਖੇ ਯੋਗੀ ਰਾਜ ਭਗਵਾਨ ਸ੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਬੜੇ ਚਾਵਾਂ ਮਲਾਰਾਂ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਤੇ ਫਾਇਨ ਆਰਟ ਕਾਲਜ ਦੇ ਮੁਖੀ ਪ੍ਰੋ. ਕੰਵਲਜੀਤ ਕੌਰ ਦੀ ਰਹਿਨੁਮਾਈ ਹੇਠ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੇ ਅਧਾਰਿਤ ਇੱਕ ਲਘੂ-ਨਾਟਕ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ 'ਤੇ ਵਿਦਿਆਰਥੀਆਂ ਵੱਲੋਂ ਮਟਕਿਆਂ 'ਤੇ ਸੁੰਦਰ ਪੇਂਟਿੰਗ ਅਤੇ ਰੰਗਾਂ ਦੀ ਕਲਾਕਾਰੀ ਨਾਲ ਭਰੇ ਹੋਏ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਜਨਮ ਅਸ਼ਟਮੀ ਦੇ ਇਸ ਤਿਉਹਾਰ 'ਤੇ ਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਡਾ. ਗੁਰਜੰਟ ਸਿੰਘ ਸਿੱਧੂ ਨੇ ਫੈਕਲਟੀ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਕਰਮਯੋਗ ਸਿਧਾਂਤ 'ਤੇ ਚੱਲਣ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਸ੍ਰੀ ਕ੍ਰਿਸ਼ਨ ਵੱਲੋਂ ਵਿਖਾਏ ਸੱਚ ਤੇ ਧਰਮ ਦੇ ਰਸਤੇ 'ਤੇ ਚੱਲਣ ਦੀ ਵੀ ਅਪੀਲ ਕੀਤੀ।ਇਸ ਮੌਕੇ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚ ਜਸ਼ਨਦੀਪ ਕੌਰ, ਸ਼ਿੰਦਰਪਾਲ ਕੌਰ, ਕਮਲਪ੍ਰੀਤ ਕੌਰ, ਸੁਮਨਦੀਪ ਕੌਰ, ਸਰਬਜੀਤ ਕੌਰ ਅਤੇ ਲਖਵੀਰ ਕੌਰ ਦੀਆਂ ਪੇਟਿੰਗ ਨੂੰ ਦਰਸ਼ਕਾਂ ਵੱਲੋਂ ਖੂਬ ਪ੍ਰਸ਼ੰਸਾ ਮਿਲੀ। ਰੁਕਸਾਨਾ ਦੇ ਬਣਾਏ ਪੋਸਟਰ ਨੂੰ ਸਰਵੋਤਮ ਕਰਾਰ ਦਿੱਤਾ ਗਿਆ। ਇਸ ਮੌਕੇ ਵਰਸਿਟੀ ਦੇ ਡਾਇਰੈਕਟਰ ਸੱਭਿਆਚਾਰਕ ਮਾਮਲੇ ਡਾ. ਸਤਨਾਮ ਸਿੰਘ ਜੱਸਲ ਵੱਲੋਂ ਕਾਲਜ ਆਫ ਫਾਇਨ ਆਰਟ ਦੇ ਸਮੂਹ ਫੈਕਲਟੀ ਮੈਬਰਾਂ ਅਤੇ ਵਿਦਿਆਰਥੀਆਂ ਦੀ ਇਸ ਸੱਭਿਆਚਾਰਕ ਪੇਸ਼ਕਾਰੀ ਲਈ ਸ਼ਲਾਘਾ ਕੀਤੀ ਗਈ।