ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਚਿੱਤਰਕਾਰੀ ਮੁਕਾਬਲੇ ਕਰਵਾਏ

ਪਟਿਆਲਾ/ਨਾਭਾ 4 ਮਾਰਚ(ਪੀ ਐੱਸ ਗਰੇਵਾਲ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਲ੍ਹੇ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਦੀ ਹੇਠ ਅੱਜ ਭਾਈ ਕਾਹਨ ਸਿੰਘ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਭਾ ਵਿਖੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਨਰਿੰਦਰ ਸਿੰਘ ਦੀ ਅਗਵਾਈ ਹੇਠ ਇਨਾਮ ਤਕਸੀਮ ਕੀਤੇ ਗਏ।ਚਿੱਤਰਕਾਰੀ ਮੁਕਾਬਲਿਆਂ 'ਚ ਬਾਰਵੀਂ ਜਮਾਤ ਦੀ ਵਿਦਿਆਰਥਣ ਆਂਚਲ ਪਹਿਲੇ ਸਥਾਨ 'ਤੇ ਰਹੀ। ਗਿਆਰਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਦੂਸਰੇ ਤੇ ਇਸੇ ਜਮਾਤ ਦੀ ਵਿਦਿਆਰਥਣ ਸੁਖਦੀਪ ਕੌਰ ਤੀਸਰੇ ਸਥਾਨ 'ਤੇ ਰਹੀ। ਇਨ੍ਹਾਂ ਤੋਂ ਇਲਾਵਾ ਸੁਖਮਨੀ ਕੌਰ ਤੇ ਮਨਦੀਪ ਕੌਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਮੁਕਾਬਲਿਆਂ ਦਾ ਸੰਚਾਲਨ ਲੈਕਚਰਾਰ ਤੀਰਥ ਟੱਕਰ, ਲੈਕਚਰਾਰ ਵਰਿੰਦਰ ਕੌਰ, ਲੈਕਚਰਾਰ ਦਵਿੰਦਰ ਕੌਰ ਤੇ ਮਿਸਟ੍ਰੈੱਸ ਕੁਸਮ ਰਾਣੀ ਨੇ ਕੀਤਾ।ਪ੍ਰਿੰ. ਨਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਜਿੱਥੇ ਬੇਮਿਸਾਲ ਕੁਰਬਾਨੀ ਹਰ ਸਮੇਂ ਲੋਕਾਈ ਨੂੰ ਜ਼ੁਲਮ ਖਿਲਾਫ ਲੜਨ ਲਈ ਪ੍ਰੇਰਿਤ ਕਰਦੀ ਹੈ, ਉੱਥੇ ਉਨ੍ਹਾਂ ਦੀ ਬਾਣੀ ਵੀ ਇਨਸਾਨੀਅਤ ਲਈ ਮਾਰਗਦਰਸ਼ਕ ਬਣੀ ਹੋਈ ਹੈ। ਜਿਸ ਕਰਕੇ ਅਜਿਹੇ ਮਹਾਨ ਗੁਰੂਆਂ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮ ਸ਼ਲਾਘਾਯੋਗ ਹਨ। ਜਿਸ ਤਹਿਤ ਹੀ ਉਨ੍ਹਾਂ ਦੇ ਸਕੂਲ 'ਚ ਵੀ ਗੁਰੂ ਸਾਹਿਬ ਦੀ ਫ਼ਿਲਾਸਫ਼ੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।