ਰਾਜਪੁਰਾ,3 ਜਨਵਰੀ ( ਰਾਜੇਸ਼ ਡਾਹਰਾ) ਆਮ ਆਦਮੀ ਪਾਰਟੀ ਰਾਜਪੁਰਾ ਦੇ ਸੀਨੀਅਰ ਆਗੂ ਦੀਪਕ ਸੂਦ ਦੇ ਸਥਾਨਕ ਦਫਤਰ ਵਿਖੇ ਨਵੇਂ ਸਾਲ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪਰਮਾਤਮਾ ਤੋਂ ਸਰਬੱਤ ਦੇ ਭਲੇ ਲਈ ਅਤੇ ਦਿੱਲੀ ਵਿਖੇ ਚਲ ਰਹੇ ਕਿਸਾਨੀ ਸ਼ੰਘਰਸ ਵਿੱਚ ਕਿਸਾਨ ਵੀਰਾਂ ਦੀ ਜਿੱਤ ਲਈ ਅਰਦਾਸ ਕੀਤੀ ਗਈ। ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋ ਵਿਧਾਇਕ ਅਮਨ ਅਰੋੜਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਦੀਪਕ ਸੂਦ ਨੇ ਨਵੇਂ ਸਾਲ 2021 ਲਈ ਸਮੂਹ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਦਿੱਲੀ ਵਿਖੇ ਚਲ ਰਹੇ ਕਿਸਾਨੀ ਸ਼ੰਘਰਸ ਵਿੱਚ ਕਿਸਾਨ ਵੀਰਾਂ ਦੀ ਜਿੱਤ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਹੱਡ ਚੀਰਵੀਂ ਠੰਢ, ਧੁੰਦ ਤੇ ਮੀਂਹ 'ਚ ਕਿਸਾਨਾਂ ਵੱਲੋਂ 37ਵੇਂ ਦਿਨ ਧਰਨਾ ਪ੍ਰਦਰਸ਼ਨ ਜਾਰੀ ਹੈ। ਅੱਜ ਜਿੱਥੇ ਦੇਸ਼-ਵਿਦੇਸ਼ 'ਚ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਲੱਖਾਂ ਕਿਸਾਨ ਅਤੇ ਇਸ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਨਵਾਂ ਸਾਲ ਉਦੋਂ ਮਨਾਵਾਂਗੇ, ਜਦੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾ ਕੇ ਘਰਾਂ ਨੂੰ ਜਾਵਾਂਗੇ। ਉਹਨਾਂ ਕਿਹਾ ਕਿ ਪਰਮਾਤਮਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਕਲ ਦੇਵੇ ਕਿ ਉਹ ਆਪਣਾ ਹੰਕਾਰ ਛੱਡ ਕੇ ਤਿੰਨੋਂ ਕਾਨੂੰਨ ਰੱਦ ਕਰਕੇ ਛੇਤੀ ਤੋਂ ਛੇਤੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਤਾਂ ਜੋ ਸਾਰੇ ਕਿਸਾਨ ਵੀਰ ਭੈਣ-ਭਰਾ, ਬੱਚੇ, ਬਜ਼ੁਰਗ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਵਾਪਿਸ ਜਾ ਸਕਣ।ਇਸ ਮੌਕੇ ਬੋਲਦਿਆਂ ਅਮਨ ਅਰੋੜਾ ਜੀ ਨੇ ਕਿਹਾ ਕਿ ਸਾਲ 2020 ਕਾਫ਼ੀ ਮੁਸ਼ਕਲਾਂ ਭਰਿਆ ਰਿਹਾ। ਇਸੇ ਲਈ ਉਹ ਨਵੇਂ ਸਾਲ 'ਚ ਆਪਣੇ ਪਾਰਟੀ ਦੇ ਸਹਿਯੋਗੀਆਂ ਨਾਲ ਸਰਬੱਤ ਦੇ ਭਲੇ ਲਈ ਅਤੇ ਕਿਸਾਨ ਵੀਰਾਂ ਦੀ ਜਿੱਤ ਲਈ ਅਰਦਾਸ ਕਰਨ ਲਈ ਪ੍ਰਮਾਤਮਾ ਦੇ ਚਰਨਾਂ ਚ ਪੁੱਜੇ ਹਨ। ਉਨ੍ਹਾਂ ਸਾਰੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ, "ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਸਾਲ ਵਿਨਾਸ਼ਕਾਰੀ ਰਿਹਾ, ਜਿਸ ਨੇ ਕਈ ਕੀਮਤੀ ਜ਼ਿੰਦਗੀਆਂ ਖੋਹ ਲਈਆਂ। ਕਿਸਾਨ ਵੀ ਸੰਘਰਸ਼ ਕਰ ਰਹੇ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ। ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਸੀਂ ਸਭ ਨੇ ਮਿਲਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ 'ਨਵਾਂ ਸਾਲ 2021' ਕਿਸਾਨ ਭਰਾਵਾਂ ਲਈ ਖੁਸ਼ੀਆਂ ਭਰਿਆ ਸਾਬਿਤ ਹੋਵੇ। ਕਿਸਾਨ ਆਪਣੇ ਮਕਸਦ 'ਚ ਕਾਮਯਾਬ ਹੋ ਕੇ ਖੁਸ਼ੀ-ਖੁਸ਼ੀ ਆਪਣੇ ਘਰ ਪਰਤਣ ਅਤੇ ਸਮੁੱਚੇ ਜਗਤ ਨੂੰ ਕੋਵਿਡ ਵਰਗੀ ਨਾਮੁਰਾਦ ਬਿਮਾਰੀ ਤੋਂ ਨਿਜਾਤ ਮਿਲੇ।ਇਸ ਮੌਕੇ ਉਹਨਾਂ ਨਾਲ ਸਾਬਕਾ ਸਹਿ ਪ੍ਰਧਾਨ ਪੰਜਾਬ ਡਾ ਬਲਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ, ਜ਼ਿਲ੍ਹਾ ਸੈਕਟਰੀ ਹਰੀਸ਼ ਨਰੂਲਾ, ਸੀਨੀਅਰ ਆਗੂ ਬਾਪੂ ਅਨੂਪ ਸਿੰਘ, ਬੰਤ ਸਿੰਘ, ਮਨੀਸ਼ ਸੂਦ, ਮਨੀਸ਼ ਬੱਤਰਾ, ਗੁਰਪ੍ਰੀਤ ਸਿੰਘ ਧਮੌਲੀ, ਧਰਮਿੰਦਰ ਸਿੰਘ, ਬਲਾਕ ਇੰਚਾਰਜ ਕਸ਼ਮੀਰ ਸਿੰਘ, ਸੰਦੀਪ ਬੰਧੂ ਗੋਲੂ, ਰਾਜਪੂਤ ਰਾਜਿੰਦਰ ਰਾਣਾ, ਗਗਨ ਸਿੰਘ, ਕਮਲ ਕੁਮਾਰ, ਸਤਵਿੰਦਰ ਸਿੰਘ, ਗਗਨਦੀਪ ਸਿੰਘ, ਜੋਲੀ, ਸੀਮਾ ਰਾਣੀ ਅਤੇ ਆਮ ਆਦਮੀ ਪਾਰਟੀ ਰਾਜਪੁਰੇ ਵਲੰਟੀਅਰ ਹਾਜ਼ਰ ਸਨ