ਨਿੱਜੀ ਖਾਲੀ ਪਲਾਟ ’ਚ ਨਗਰ ਕੌਂਸਲ ਨੇ ਸੁੱਟਿਆ ਕੂੜਾ

ਧੂਰੀ,11 ਮਾਰਚ (ਮਹੇਸ਼ ਜਿੰਦਲ) ਸਥਾਨਕ ਮਾਨਵਾਲਾ ਰੋਡ ’ਤੇ ਸਥਿਤ ਇਕ ਨਿੱਜੀ ਖਾਲੀ ਪਲਾਟ ਵਿਚ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਦਾ ਦੋਸ਼ ਲਗਾਉਦਿਆਂ ਪਲਾਟ ਮਾਲਕ ਵੱਲੋਂ ਕੂੜਾ ਫੌਰੀ ਚੁਕਵਾਉਣ ਦੀ ਮੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਲਾਟ ਮਾਲਕ ਗੁਰਪਾਲ ਸਿੰਘ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਟਰਾਲੀ ਰਾਹੀਂ ਕੂੜਾ ਉਨਾਂ ਦੇ ਖਾਲੀ ਪਲਾਟ ਵਿਚ ਸੁੱਟਿਆ ਗਿਆ ਸੀ। ਜਿਸ ਸੰਬੰਧੀ ਉਨਾਂ ਵੱਲੋਂ ਨਗਰ ਕੌਂਸਲ ਦੇ ਸਫਾਈ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਵੱਲੋਂ ਮੌਕੇ ਪਰ ਆ ਕੇ ਆਪਣੀ ਗਲਤੀ ਮੰਨਦੇ ਹੋਏ ਕੂੜਾ ਤੁਰੰਤ ਚੁਕਵਾਉਣ ਅਤੇ ਮੁੜ ਖਾਲੀ ਪਲਾਟ ’ਚ ਕੂੜਾ ਨਾ ਸੁੱਟਣ ਦੀ ਗੱਲ ਕਹੀ ਗਈ ਸੀ। ਪ੍ਰੰਤੂ ਕਰੀਬ ਹਫਤਾ ਲੰਘਣ ਉਪਰੰਤ ਵੀ ਨਗਰ ਕੌਂਸਲ ਵੱਲੋਂ ਕੂੜਾ ਨਹੀਂ ਚੁੱਕਿਆ ਗਿਆ। ਉਨਾਂ ਕਿਹਾ ਕਿ ਇਕ ਪਾਸੇ ਨਗਰ ਕੌਂਸਲ ‘ਸਵੱਛ ਭਾਰਤ’ ਮੁਹਿੰਮ ਦਾ ਪ੍ਰਚਾਰ ਕਰ ਰਹੀ ਹੈ, ਦੂਜੇ ਪਾਸੇ ਨਗਰ ਕੌਂਸਲ ਵੱਲੋਂ ਖੁਦ ਹੀ ਲੋਕਾਂ ਦੇ ਖਾਲੀ ਪਏ ਪਲਾਟਾਂ ਵਿਚ ਕੂੜਾ ਸੁੱਟ ਕੇ ਇਸ ਮੁਹਿੰਮ ਨੂੰ ਗ੍ਰਹਿਣ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਜਲਦ ਹੀ ਇਹ ਕੂੜਾ ਨਾ ਚੁੱਕਿਆ ਗਿਆ ਤਾਂ ਉਹ ਇੰਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਨਗਰ ਕੌਂਸਲ ਦਫਤਰ ਅੱਗੇ ਧਰਨਾ ਲਗਾਉਣ ਤੋਂ ਗੁਰੇਜ ਨਹੀਂ ਕਰਨਗੇ। ਇਸ ਸੰਬੰਧੀ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨਾਲ ਸੰਪਰਕ ਕਰਨ ’ਤੇ ਉਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਕੂੜਾ ਸਿਰਫ ਹਰਚੰਦਪੁਰਾ ਵਿਖੇ ਤੈਅ ਜਗਾ ’ਤੇ ਹੀ ਸੁੱਟਿਆ ਜਾਂਦਾ ਹੈ। ਪ੍ਰੰਤੂ ਫਿਰ ਵੀ ਇਸ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ, ਜੇਕਰ ਕਿਸੇ ਕੌਂਸਲ ਮੁਲਾਜਮ ਵੱਲੋਂ ਇਹ ਕੂੜਾ ਸੁੱਟਿਆ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।