ਲੋਕ ਚਾਈਨਾ ਡੋਰ ਦਾ ਕਰਨ ਮੁਕੰਮਲ ਬਾਈਕਾਟ- ਰਮਣੀਕ ਕੌਰ ਸੰਧੂ

(ਅਮਰੀਸ਼ ਆਨੰਦ)ਲੁਧਿਆਣਾ,ਪੰਜਾਬ ਦੇ ਵੱਖ ਵੱਖ ਥਾਵਾਂ ਚ ਪਿਛਲੇ ਕਾਫੀ ਸਮੇਂ ਤੋਂ ਦਿਨ ਪ੍ਰਤੀ ਦਿਨ ਚਾਈਨਾ ਡੋਰ ਦੀ ਵਰਤੋਂ ਵਧਦੀ ਜਾ ਰਹੀ ਹੈ, ਜਿਸ ਨਾਲ ਇਨਸਾਨ ਹੀ ਜ਼ਖਮੀ ਨਹੀਂ ਹੋਏ ਸਗੋਂ ਕਈ ਬੇਜ਼ੁਬਾਨ ਪੰਛੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।ਕਈ ਰਾਹਗੀਰ ਜ਼ਖਮੀ ਹੋ ਚੁੱਕੇ ਹਨ।ਪ੍ਰਸ਼ਾਸਨ ਵੱਲੋਂ ਬੇਸ਼ੱਕ ਸਖ਼ਤਾਈ ਵੀ ਕੀਤੀ ਜਾ ਰਹੀ ਹੈ ਪਰ ਇਸ ਡੋਰ ਵੇਚਣ ਵਾਲਿਆਂ ਦੇ ਕੰਨ 'ਤੇ ਜੂ ਨਹੀਂ ਸਰਕੀ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਥੀਏਟਰ ਤੇ ਰੰਗਮੰਚ ਆਰਟਿਸਟ ਰਮਣੀਕ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਲੁਧਿਆਣਾ ਵਾਸੀਆਂ ਨੂੰ ਪਲਾਸਟਿਕ ਡੋਰ ਦਾ ਉਪਯੋਗ ਪੂਰਨ ਤੌਰ 'ਤੇ ਨਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਤਾਂ ਹੀ ਬਸੰਤ ਪੰਚਮੀ ਦੇ ਮੌਕੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਮੈਡਮ ਸੰਧੂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਖੂਨੀ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਓਹਨਾ ਕਿਹਾ ਕਈ ਲੋਕ ਪਤੰਗ ਅਤੇ ਗੁੱਡੀਆਂ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਡੋਰ ਸਿੰਥੈਟਿਕ ਅਤੇ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਇਹ ਬਹੁਤ ਹੀ ਮਜਬੂਤ ਨਾ ਗਲਣ ਯੋਗ ਨਾ ਟੁੱਟਣ ਯੋਗ ਹੁੰਦੀ ਹੈ।ਇਸ ਡੋਰ ਦੀ ਵਰਤੋਂ ਕਰਨ ਨਾਲ ਹੱਥ ਅਤੇ ਉਂਗਲਾਂ ਅੰਗ ਆਦਿ ਕੱਟ ਜਾਂਦੇ ਹਨ, ਜੇਕਰ ਇਹ ਡੋਰ ਢਿੱਲੀ ਹੋ ਜਾਵੇ ਤਾਂ ਰਸਤੇ ਵਿੱਚ ਆ ਰਹੇ ਸਾਈਕਲ,ਸਕੂਟਰ ਅਤੇ ਮੋਟਰ ਸਾਇਕਲ ਚਾਲਕਾਂ ਦਾ ਗਲਾ,ਕੰਨ ਕੱਟੇ ਜਾਣ ਅਤੇ ਉੱਡਦੇ ਪੰਛੀਆਂ ਦੇ ਫਸ ਜਾਣ ਕਾਰਨ ਉਹਨਾਂ ਦੇ ਮਰਨ ਆਦਿ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।ਇਸ ਤੋਂ ਇਲਾਵਾ ਡੋਰ ਵਿੱਚ ਫਸੇ ਪੰਛੀ ਜਿਹੜੇ ਰੁੱਖਾਂ ਤੇ ਟੰਗੇ ਰਹਿ ਜਾਂਦੇ ਹਨ, ਉਹਨਾਂ ਦੀ ਬਦਬੂ ਨਾਲ ਵਾਤਾਵਰਣ ਵੀ ਦੂਸਿਤ ਹੁੰਦਾ ਹੈ।ਇਸ ਡੋਰ ਨਾਲ ਮਨੁੱਖੀ ਜਾਨਾਂ ਨੂੰ ਵੀ ਖਤਰਾ ਪੈਦਾ ਹੁੰਦਾ ਹੈ।