ਸਫ਼ਾਈ ਮੁਹਿੰਮ ਦੇ ਤਹਿਤ ਸਕੂਲ ਦੀ ਸਫ਼ਾਈ ਕੀਤੀ।

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼ਹੀਦ ਮਨਜਿੰਦਰ ਸਿੰਘ ਵੈਲਫੇਅਰ ਸੁਸਾਇਟੀ ਬਣਾਂਵਾਲਾ ਵਲੋਂ ਸਾਂਝੀਆਂ ਥਾਵਾਂ ਦੀ ਸਫਾਈ ਦੀ ਵਿੱਢੀ ਮੁਹਿੰਮ ਦੀ ਕੜੀ ਅਧੀਨ ਅੱਜ ਬਣਾਂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਫਾਈ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਮਲਕੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਹਫਤੇ ਪਿੰਡ ਦੀ ਸ਼ਮਸ਼ਾਨ ਘਾਟ ਦੀ ਸਫ਼ਾਈ ਮੁਕੱਮਲ ਹੋ ਚੁਕੀ ਹੈ ਅਤੇ ਅੱਜ ਤੋਂ ਸਕੂਲ ਦੀ ਸਫ਼ਾਈ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਹਰੇਕ ਐਤਵਾਰ ਨੂੰ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਫ਼ਾਈ ਕੀਤੀ ਜਾਇਆ ਕਰੇਗੀ। ਅੱਜ ਦੀ ਸਫ਼ਾਈ ਮੁਹਿੰਮ ਵਿਚ ਗੁਰਤੇਜ ਸਿੰਘ ਇੰਸਪੈਕਟਰ (ਰਿਟਾ.), ਹਰਮੇਲ ਸਿੰਘ ਸਾਬਕਾ ਫੌਜੀ, ਜਸਵੀਰ ਸਿੰਘ ਇੰਜੀਨੀਅਰ, ਸੁਖਵਿੰਦਰ ਸਿੰਘ ਸਾਬਕਾ ਫੌਜੀ ਅਤੇ ਹਮੀਰ ਸਿੰਘ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਬਣਾਂਵਾਲਾ ਦੇ ਪ੍ਰਧਾਨ ਨਰਵੀਨ ਸਿੰਘ ਮੌੜ, ਮਨਜਿੰਦਰ ਸਿੰਘ ਬਿੱਟਾ, ਕੁਲਦੀਪ ਸਿੰਘ ਅਤੇ ਨੰਨ੍ਹੇ ਮੁੰਨੇ ਬੱਚਿਆਂ ਨੇ ਵੀ ਭਾਗ ਲਿਆ।