ਗੁਰਦਾਸਪੁਰ 'ਚ ਨਵੀਂ ਪਹਚਾਣ ਬਣਾਉਂਦਾ ਪੰਜਾਬੀ ਮਾਂ ਬੋਲੀ ਦਾ ਚੌਂਕ
- ਪੰਜਾਬ
- 29 Jan,2025
ਗੁਰਦਾਸਪੁਰ ਦੇ ਬਰਿਆਰ ਬਾਈਪਾਸ ਚੌਂਕ ਨੂੰ ਇੱਕ ਵਿਲੱਖਣ ਪਹਚਾਣ ਮਿਲੀ ਹੈ, ਜਿਸ ਕਾਰਨ ਪੰਜਾਬੀ ਮਾਂ ਬੋਲੀ ਦੇ ਪ੍ਰੇਮੀ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਚੌਂਕ ਤਿਆਰ ਕਰਵਾਇਆ, ਜੋ ਹੁਣ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਲੱਖਣ ਵਿਰਸੇ ਦਾ ਪ੍ਰਤੀਕ ਬਣ ਗਿਆ ਹੈ।
ਇਸ ਚੌਂਕ ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਉਭਾਰਨ ਲਈ ਇੱਕ ਅਧਿਆਪਕ ਅਤੇ ਅਧਿਆਪਕਾ ਦੀ ਪ੍ਰਤੀਮੂਰਤੀ ਬਣਾਈ ਗਈ ਹੈ, ਜੋ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਦਰਸਾਈ ਗਈ ਹੈ। ਇਸ ਤੋਂ ਇਲਾਵਾ, ਪੁਰਾਣੇ ਸਮਿਆਂ ਵਿੱਚ ਵਰਤੀ ਜਾਂਦੀ ਲੱਕੜੀ ਦੀ ਫੱਟੀ ਵੀ ਇਥੇ ਪ੍ਰਦਰਸ਼ਿਤ ਕੀਤੀ ਗਈ ਹੈ, ਜਿਸ 'ਤੇ ਪੰਜਾਬੀ ਅੱਖਰ ਉਕੇ ਹੋਏ ਹਨ। ਇਹ ਯਾਦ ਦਿਲਾਉਂਦਾ ਹੈ ਕਿ ਪੰਜਾਬੀ ਲਿਪੀ ਦੀ ਮਹਾਨਤਾ ਕਿੰਨੀ ਵਿਲੱਖਣ ਰਹੀ ਹੈ।
26 ਜਨਵਰੀ ਨੂੰ ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਉਦਘਾਟਨ ਕੀਤਾ ਗਿਆ। ਗੁਰਦਾਸਪੁਰ ਦੇ ਸਿੱਖਿਆ ਪ੍ਰੇਮੀਆਂ, ਸਾਹਿਤਕਾਰਾਂ ਅਤੇ ਅਧਿਆਪਕਾਂ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਉੱਘੇ ਲਿਖਾਰੀ ਬੀਬਾ ਬਲਵੰਤ ਨੇ ਇਸ ਚੌਂਕ ਦੀ ਵਿਲੱਖਣਤਾ ਤੇ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ "ਇਹ ਚੌਂਕ ਸਿਰਫ ਗੁਰਦਾਸਪੁਰ ਲਈ ਹੀ ਨਹੀਂ, ਬਲਕਿ ਸਾਰੇ ਪੰਜਾਬ ਲਈ ਇੱਕ ਪ੍ਰੇਰਣਾ ਸਰੋਤ ਹੈ।"
ਜ਼ਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ ਨੇ ਵੀ ਇਸ ਚੌਂਕ ਦੀ ਮਹੱਤਤਾ ਉਤੇ ਚਾਨਣ ਪਾਉਂਦਿਆਂ ਕਿਹਾ, "ਇਹ ਚੌਂਕ ਗੁਰਮੁਖੀ ਲਿਪੀ, ਵਿਦਿਆਰਥੀਆਂ ਅਤੇ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਉਭਾਰੇਗਾ।"
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੀ ਪ੍ਰਿੰਸੀਪਲ ਅਰਚਨਾ ਜੋਸ਼ੀ, ਅਧਿਆਪਕਾ ਕਰਮਜੀਤ ਕੌਰ, ਸੀਮਾ ਰਾਣੀ, ਅਤੇ ਹੋਰ ਵਿਦਵਾਨਾਂ ਨੇ ਵੀ ਚੌਂਕ ਦੀ ਵਿਲੱਖਣ ਪਹਚਾਣ ਦੀ ਵਡਾਈ ਕੀਤੀ।
Posted By: Gurjeet Singh