ਸਿੱਖ ਫੌਰਮ ਵੱਲੋਂ ਸਮੂਹ ਪੰਥਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਮੀਰੀ-ਪੀਰੀ ਮੁਤਾਬਕ ਰਾਜਨੀਤੀ ਧਰਮ ਦੇ ਅਧੀਨ ਚੱਲੇ: ਭਾਈ ਕਪਤਾਨ ਸਿੰਘ

ਵੁਲਵਰਹੈਂਪਟਨ/ਬਠਿੰਡਾ/ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)-ਸਿੱਖ ਪੰਥ ਦੇ ਪੁਰਾਤਨ ਅਤੇ ਵਰਤਮਾਨ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਸਿੱਖ ਫੌਰਮ ਯੂ.ਕੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟਰੀਟ, ਵੁਲਵਰਹੈਂਪਟਨ (ਇੰਗਲੈਂਡ) ਵਿਖੇ ਕਰਵਾਇਆ ਗਿਆ। ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਹੁੰਮ-ਹੁਮਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਅਨੇਕਾਂ ਪੰਥਕ ਬੁਲਾਰਿਆਂ, ਕੀਰਤਨੀਏ ਰਾਗੀ, ਢਾਡੀ ਜਥਿਆਂ, ਕਥਾਵਾਚਕ, ਵਿਦਵਾਨਾਂ ਨੇ ਹਾਜ਼ਰੀਨ ਸੰਗਤਾਂ ਨੂੰ ਗੁਰਬਾਣੀ, ਗੁਰਮਤਿ ਵਿਚਾਰਾਂ ਅਤੇ ਇਤਹਾਸਿਕ ਸ਼ਹੀਦੀ ਗਾਥਾਵਾਂ ਸ੍ਰਵਣ ਕਰਵਾਈਆਂ। ਇਸ ਮੌਕੇ ਸਿੱਖ ਸ਼ਹੀਦਾਂ ਦੇ ਪਰਿਵਾਰ ਭਾਈ ਸਤਵੰਤ ਸਿੰਘ ਅਗਵਾਨ ਅਤੇ ਭਾਈ ਕੇਹਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ਤੇ ਹੋਈ ਗੱਲਬਾਤ ਦਾ ਹਵਾਲਾ ਦੇਂਦਿਆਂ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸੰਗਤਾਂ ਨਾਲ "ਗੁਰਫ਼ਤਿਹ" ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਭਾਈ ਕਪਤਾਨ ਸਿੰਘ ਨੇ ਸਟੇਜ ਤੋਂ ਸਾਂਝੀ ਕੀਤੀ। ਉਨ੍ਹਾਂ ਸ਼ਹੀਦੀ ਇਤਿਹਾਸ ਦੇ ਨਾਲ-ਨਾਲ ਮੌਜੂਦਾ ਪੰਥਕ ਪ੍ਰਸਥਿਤੀਆਂ, ਪੰਜਾਬ ਦੇ ਚਿੰਤਾਜਨਕ ਹਾਲਾਤਾਂ ਅਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਵਿਸ਼ੇਸ਼ ਵਿਚਾਰਾਂ ਦੀ ਸਾਂਝ ਪਾਈ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਅਪਣਾ ਕੇ ਰਾਜਨੀਤੀ ਨੂੰ ਧਰਮ ਦੇ ਕੁੰਡੇ ਹੇਠ ਚਲਾਉਣ ਦੀ ਪ੍ਰੋੜਤਾ ਕੀਤੀ। ਯੂਕੇ ਦੇ ਜੰਮਪਲ ਬੱਚਿਆਂ ਦੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥੇ ਏਐੱਸਏ ਖ਼ਾਲਸਾ ਨੇ ਜੋਸ਼ੀਲੀਆਂ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ। ਇਸ ਸਮਾਗਮ ਵਿੱਚ ਸਿੱਖ ਫੌਰਮ ਦੇ ਮੈਂਬਰਾਂ, ਸਹਿਯੋਗੀ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਵਿੱਚ ਸੁਖਵਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਚੌਹਾਨ, ਪ੍ਰਦੀਪ ਸਿੰਘ ਬਾਸੀ, ਸਰਬਜੀਤ ਸਿੰਘ ਸਾਹਬੀ, ਗੁਰਵੀਰ ਸਿੰਘ ਗੀਰ੍ਹਾ, ਸੰਤੋਖ ਸਿੰਘ, ਇੰਦਰਜੀਤ ਸਿੰਘ ਬੱਲ, ਗੁਰਦਿਆਲ ਸਿੰਘ, ਗੁਰਮੁਖ ਸਿੰਘ ਸਟੇਜ ਸਕੱਤਰ ਆਦਿ ਹਾਜ਼ਰ ਸਨ।