ਪਟਿਆਲਾ: 3 ਮਾਰਚ (ਪੀ ਐੱਸ ਗਰੇਵਾਲ)-ਮੁਲਾਜ਼ਮ ਅਤੇ ਪੈਨਸ਼ਨਰਜ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਕੀਤੇ ਫੈਸਲੇ ਅਨੁਸਾਰ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ, ਪਰਮਜੀਤ ਸਿੰਘ ਦਸੂਹਾ ਅਤੇ ਪ੍ਰਮੋਦ ਕੁਮਾਰ ਕਨਵੀਨਰਜ਼ ਦੀ ਅਗਵਾਈ ਵਿਚ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵਲੋਂ ਅੱਜ ਪਟਿਆਲਾ ਵਿਖੇ ਵਿਸ਼ਾਲ ਰੋਸ ਧਰਨਾ ਦਿਤਾ ਗਿਆ ਅਤੇ ਮੋਤੀ ਮਹਿਲ ਵਲ ਜਬਰਦਸਤ ਰੋਸ ਮਾਰਚ ਕੀਤਾ ਗਿਆ। ਇਹਜਾਣਕਾਰੀ ਜਥੇਬੰਦੀ ਦੇ ਸੂਬਾ ਸਕੱਤਰ ਧਨਵੰਤ ਸਿੰਘ ਭੱਠਲ ਵਲੋਂ ਲਿਖਤੀ ਬਿਆਨ ਵਿਚ ਦਿਤੀ ਗਈ।ਜਿਨਾਂ ਦਸਿਆ ਕਿ ਪੰਜਾਬ ਦੇ ਕੋਨੋ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਮੁਲਾਜ਼ਮ ਅਤੇ ਪੈਨਸ਼ਨਰਜ਼ ਵਲੋਂ ਸ਼ਾਮਲ ਹੋ ਕੇ ਭਾਰੀ ਰੋਸ ਵਿਖਾਵਾ ਕੀਤਾ ਗਿਆ। ਪੰਜਾਬ ਸਰਕਾਰ ਅਤੇ ਪਾਵਰਕਾਮ ਮਨੈਜਮੈਂਟ ਵਲੋਂ ਮੰਗਾਂ ਨਾ ਮੰਨਣ ਦੀ ਭਰਪੂਰ ਨਿਖੇਧੀ ਕਰਕੇ ਹੋਏ ਆਪਸੀ ਏਕਤਾ ਤੇ ਤਸੱਲੀ ਦਾ ਪਗਟਾਵਾ ਵੀ ਕੀਤਾ ਗਿਆ ਇਸ ਦੇ ਨਾਲ ਹੀ ਸੰਘਰਸ਼ ਕਮੇਟੀ ਚੋਂ ਬਾਹਰ ਰਹਿ ਗਈਆਂ ਜਥੇੁਬੰਦੀਆਂ ਨੂੰ ਇਸ ਸੰਘਰਸ਼ ਕਮੇਟੀ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਤਾਂ ਕਿ ਆਉਣ ਵਾਲੇ ਸੰਘਰਸ਼ ਹੋਰ ਵੀ ਮਜਬੂਤੀ ਨਾਲ ਲੜੇ ਜਾ ਸਕਣ।ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨਾਂ ਤਬਦੀਲੀ ਕਰਨ, ਕਿਸਾਨ ਵਿਰੋਧੀ ਬਿਲ ਅਤੇ ਖਰੜਾ ਬਿਜਲੀ ਸੋਧ ਬਿਲ 2020 ਦੀ ਨਿਖੇਧੀ ਕਰਦੇ ਹੋਏ ਇਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।ਮੁਲਾਜ਼ਮ ਅਤੇ ਪੈਨਸ਼ਨਰਜ਼ ਦੀਆਂ ਸਾਝੀਆਂ ਮੁੱਖ ਮੰਗਾਂ ਵਿਚ 1.12.2011 ਤੋਂ ਪੇ ਬੈਂਡ ਲਾਗੂ ਕਰਨਾ, ਜਨਵਰੀ 2016 ਤੋਂ ਤਨਾਖਾਹ ਕਮਿਸ਼ਨ ਦੀ ਰੀਪੋਰਟ ਲੈ ਕੇ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾ ਤੇ ਬਾਕਇਆ ਜਾਰੀ ਕਰਨਾ, 23 ਸਾਲਾ ਇੰਨਕਰੀਮੈਂਟ ਬਿਨਾਂ ਸ਼ਰਤ ਬਣਦੀ ਮਿਤੀ ਤੋਂ ਸਾਰੇ ਸਬੰਧਤਾਂ ਨੂੰ ਦੇਣਾ ਅਤੇ ਕੈਸ਼ ਲੈਸ ਸਕੀਮ ਮੁੜ ਚਾਲੂ ਕਰਨਾ ਆਦਿ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ ਜਿਸ ਤਹਿਤ ਵਖ ਵਖ ਜ਼ੋਨਜ਼ ਦੇ ਮੈਂਬਰਾਂ ਵਲੋਂ ਵਲੋਂ ਹੈਡ ਆਫਿਸ ਅਗੇ ਰੋਸ ਦਿਖਾਵਾ ਕਰਨ ਅਤੇ ਐਮ.ਐਲ.ਏਜ਼ ਨੂੰ ਮੰਗ ਪੱਤਰ ਦਿਤੇ ਜਾਣਗੇ ਜਿਨਾਂ ਸਬੰਧੀ ਸ਼ਡਿਊਲ ਤਾਲਮੇਲ ਕਮੇਟੀ ਦੀ ਅਗਲੀ ਮੀਟਿੰਗ ਵਿਚ ਤਹਿ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਧਰਨਾਕਾਰੀਆਂ ਵਲੋਂ ਮੋਤੀ ਮਹਿਲ ਵਲ ਰੋਸ ਮਾਰਚ ਕਰਨ ਉਪਰੰਤ ਏ.ਡੀ.ਸੀ., ਪਿਟਆਲਾ ਵਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਲਿਆ ਗਿਆ ਜਿਨਾਂ ਵਲੋਂ ਤਾਲਮੇਲ ਸੰਘਰਸ਼ ਕਮੇਟੀ ਨੂੰ ਓ.ਐਸ.ਡੀ. ਟੂ ਸੀ.ਐਮ. ਨਾਲ ਮਿਤੀ 18 ਮਾਰਚ 2021 ਮੀਟਿੰਗ ਫਿਕਸ ਹੋਣ ਦਾ ਪੱਤਰ ਸੌਂਪਿਆ ਗਿਆ, ਜਿਸ ਉਪਰੰਤ ਮੁਲਾਜ਼ਮ ਅਤੇ ਪੈਨਸ਼ਨਰਜ਼ ਨੇ ਧਰਨਾ ਇਸ ਸ਼ਰਤ ਤੇ ਸਮਾਪਤ ਕੀਤਾ ਕਿ ਜੇਕਰ ਮੰਗਾਂ ਨਾ ਮੰਨੀਆ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਧਰਨੇ ਵਿਚ ਉਪਰੋਕਤ ਦਰਸਾਏ ਆਗੂਆਂ ਤੋਂ ਇਲਾਵਾਾ ਕਰਮਚੰਦ ਭਾਰਦਵਾਜ਼, ਹਰਪਾਲ ਸਿੰਘ, ਅਵਤਾਰ ਸਿੰਘ ਕੈਂਧ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਸਿੰਘ ਭੀਖੀ, ਰਾਜਿੰਦਰ ਠਾਕੁਰ, ਦੇਵ ਰਾਜ, ਜਗਰੂਪ ਸਿੰਘ ਮਹਿਮਦਪੁਰ, ਸ਼ਵਿੰਦਰਪਾਲ ਸਿੰਘ ਮੋਲੋਵਾਲੀ ਅਤੇ ਭਰਪੂਰ ਸਿੰਘ ਮਾਂਗਟ (ਸਾਰੇ ਸੂਬਾ ਕਮੇਟੀ ਮੈਂਬਰ) ਨੇ ਵੀ ਆਪਣੇ ਵਿਚਾਰ ਦਿਤੇ।ਸਟੇਜ ਸਕੱਤਰ ਦੀ ਭੂਮਿਕਾ ਧਨਵੰਤ ਸਿੰਘ ਭੱਠਲ ਸਕੱਤਰ/ ਸੰਘਰਸ਼ ਕਮੇਟੀ ਵਲੋਂ ਬਾਖੂਬੀ ਨਿਭਾਈ ਗਈ।