ਧਰਨਿਆਂ 'ਚ ਸ਼ਾਮਿਲ ਹੋਣ ਵਾਲੇ ਐੱਸ ਸੀ ਵਿੰਗ ਦੇ ਆਗੂਆਂ ਅਤੇ ਵਰਕਰਾਂ ਦਾ ਸਾਬਕਾ ਵਿਧਾਇਕ ਸਿੱਧੂ ਨੇ ਕੀਤਾ ਧੰਨਵਾਦ

ਤਲਵੰਡੀ ਸਾਬੋ, 9 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਦੋਂ ਵੀ ਕੋਈ ਪ੍ਰੋਗਰਾਮ ਲੋਕ ਹਿਤ ਲਈ ਦਿੱਤਾ ਹੈ ਤਾਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਰਕਰਾਂ ਨੇ ਹਮੇਸ਼ਾਂ ਮੇਰਾ ਮਾਣ ਵਧਾਉਂਦੇ ਹੋਏ ਉਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਿਰਕਤ ਕੀਤੀ ਹੈ। ਅੱਜ ਵੀ ਪਾਰਟੀ ਦੇ ਐੱਸ ਸੀ ਵਿੰਗ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨੇ ਦੇਣ ਦੇ ਪ੍ਰੋਗਰਾਮ ਤਹਿਤ ਹਲ਼ਕੇ ਦੇ ਸੱਤੇ ਸਰਕਲਾਂ ਦੇ ਐੱਸ ਸੀ ਵਿੰਗ ਨਾਲ ਸੰਬੰਧਿਤ ਵਰਕਰਾਂ ਨੇ ਧਰਨਿਆਂ ਵਿੱਚ ਜ਼ੋਰਦਾਰ ਹਾਜ਼ਰੀ ਲਵਾਈ ਹੈ, ਜਿਸ ਨਾਲ ਵਰਕਰਾਂ ਨੇ ਇੱਕ ਵਾਰ ਫੇਰ ਦਰਸਾ ਦਿੱਤਾ ਹੈ ਕਿ ਹਲ਼ਕੇ ਦੇ ਵਰਕਰ ਪਾਰਟੀ ਦੇ ਹਰ ਐਲਾਨ ਤੇ ਹਮੇਸ਼ਾਂ ਫੁੱਲ ਚੜ੍ਹਾਉਣ ਲਈ ਤਤਪਰ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਅਤੇ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਐੱਸ ਸੀ ਵਿੰਗ ਦੁਆਰਾ ਲਗਾਏ ਗਏ ਧਰਨਿਆਂ ਵਿਚ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਅਕਾਲੀ ਵਰਕਰਾਂ ਦੇ ਸਬੰਧ ਵਿਚ ਇਕ ਪ੍ਰੈਸ ਰਿਲੀਜ਼ ਵਿਚ ਕੀਤਾ। ਉਹਨਾਂ ਕਿਹਾ ਕਿ ਉਹ ਸਾਰੇ ਐੱਸ ਸੀ ਵਿੰਗ ਦੇ ਅਹੁਦੇਦਾਰਾਂ, ਵਰਕਰਾਂ ਅਤੇ ਧਰਨਿਆਂ ਵਿੱਚ ਸਾਥ ਦੇਣ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਸਮੂਹ ਵਰਕਰ ਇਸੇ ਤਰ੍ਹਾਂ ਮੇਰਾ ਹਮੇਸ਼ਾਂ ਸਾਥ ਦਿੰਦੇ ਰਹਿਣਗੇ। ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਐੱਸ ਸੀ ਪਰਿਵਾਰਾਂ ਦੇ ਹਰ ਸਮੇਂ ਨਾਲ ਖੜੀ ਹੈ ਅਤੇ ਹਰ ਸਮੱਸਿਆ ਅਤੇ ਹਰ ਮੰਗ ਨੂੰ ਕਾਂਗਰਸ ਸਰਕਾਰ ਪਾਸੋਂ ਪੂਰਾ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।