ਮਾਮਲਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਸਮੇਤ ਵੱਖ-ਵੱਖ ਪਿੰਡਾਂ ਵੱਲੋਂ ਬੀਕਾਨੇਰ ਹਸਪਤਾਲ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਾਉਣ ਦਾ-

ਲੰਗਰ ਫਿਰ ਤੋਂ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਕੌਰੇਆਣਾ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ਼ ਜਟਾਣਾ ਨਾਲ ਮੁਲਾਕਾਤ ਕਰਕੇ ਸੌਂਪਿਆ ਮੰਗ ਪੱਤਰਉਕਤ ਮਲਸੇ ਦੇ ਹੱਲ ਲਈ ਖੁਸ਼ਬਾਜ਼ ਜਟਾਣਾ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਹਰੀਸ਼ ਚੌਧਰੀ ਨਾਲ ਕੀਤੀ ਗੱਲਬਾਤ ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵੱਲੋਂ ਵੱਖ-ਵੱਖ ਪਿੰਡਾਂ ਦੇ ਸਹਿਯੋਗ ਨਾਲ ਰਾਜਸਥਾਨ ਦੇ ਬੀਕਾਨੇਰ ਕੈਂਸਰ ਹਸਪਤਾਲ ਵਿੱਚ ਚਲਾਏ ਜਾ ਰਹੇ ਲੰਗਰ ਨੂੰ ਉੱਥੋਂ ਦੇ ਪ੍ਰਸ਼ਾਸ਼ਨ ਵੱਲੋਂ ਬੰਦ ਕਰਾਉਣ ਤੋਂ ਬਾਅਦ ਅੱਜ ਕੌਰੇਆਣਾ ਪਿੰਡ ਦੇ ਇੱਕ ਵਫਦ ਵੱਲੋਂ ਲੰਗਰ ਨੂੰ ਫਿਰ ਤੋਂ ਚਲਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ 'ਤੇ ਜਟਾਣਾ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਨਾਲ ਗੱਲਬਾਤ ਕਰਕੇ ਜਲਦ ਉਕਤ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੀ ਗੁਰੂ ਹਰਿਕ੍ਰਿਸ਼ਨ ਜੀ ਵੈਲਫੇਅਰ ਸੁਸਾਇਟੀ ਵੱਲੋਂ ਕਰੀਬ 15 ਪਿੰਡਾਂ ਦੇ ਸਹਿਯੋਗ ਨਾਲ ਬੀਕਾਨੇਰ ਹਸਪਤਾਲ ਵਿਖੇ 2014 ਤੋਂ ਮੁਫਤ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਪਹਿਲਾਂ ਇਸ ਲੰਗਰ ਦੀ ਸੇਵਾ ਹਸਪਤਾਲ ਦੇ ਬਾਹਰ ਕੀਤੀ ਜਾਂਦੀ ਸੀ ਪਰ ਕੁੱਝ ਸਮੇਂ ਤੋਂ ਇਹ ਸੇਵਾ ਹਸਪਤਾਲ ਦੇ ਕੰਪਲੈਕਸ ਅੰਦਰ ਚੱਲ ਰਹੀ ਸੀ ਜਿਸਨੂੰ ਹੁਣ ਕੁੱਝ ਦਿਨ ਪਹਿਲਾਂ ਬੀਕਾਨੇਰ ਦੇ ਪ੍ਰਸ਼ਾਸ਼ਨ ਵੱਲੋਂ ਬੰਦ ਕਰਵਾ ਦਿੱਤਾ ਗਿਆ ਹੈ। ਜਿਸਤੋਂ ਬਾਅਦ ਅੱਜ ਕੌਰੇਆਣਾ ਪਿੰਡ ਦੇ ਪੰਚਾਇਤ ਨੁਮਾਇੰਦਿਆਂ ਤੇ ਉਕਤ ਸੁਸਾਇਟੀ ਮੈਂਬਰਾਂ ਵੱਲੋਂ ਇਸ ਮਸਲੇ ਨੂੰ ਹੱਲ ਕਰਵਾਉਣ ਅਤੇ ਲੰਗਰ ਫਿਰਤੋਂ ਸ਼ੁਰੂ ਕਰਵਾਉਣ ਹਿੱਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਮੁਲਾਕਾਤ ਕਰਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਉਪਰੰਤ ਖੁਸ਼ਬਾਜ਼ ਜਟਾਣਾ ਵੱਲੋਂ ਰਾਜਸਥਾਨ ਦੇ ਕੈਬਨਿਟ ਮੰਤਰੀ ਹਰੀਸ਼ ਚੌਧਰੀ ਨਾਲ ਵਫਦ ਦੇ ਸਾਹਮਣੇ ਫੋਨ 'ਤੇ ਗੱਲ ਕਰਕੇ ਉਨ੍ਹਾਂ ਨੂੰ ਸਾਰੇ ਮਸਲੇ ਤੋਂ ਜਾਣੂੰ ਕਰਵਾਇਆ ਗਿਆ ਤੇ ਜਲਦ ਹੀ ਲੰਗਰ ਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ। ਜਟਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰੀਸ਼ ਚੌਧਰੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਇਸ ਸਬੰਧੀ ਰਾਜਸਥਾਨ ਦੇ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ ਫਿਰਤੋਂ ਹਸਪਤਾਲ ਕੰਪਲੈਕਸ ਅੰਦਰ ਲੰਗਰ ਸ਼ੁਰੂ ਕਰਵਾਉਣਗੇ। ਜਟਾਣਾ ਨੇ ਗੱਲਬਾਤ ਕਰਨ ਉਪਰੰਤ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦੇ ਹੱਲ ਲਈ ਖੁਦ ਵੀ ਕੈਬਨਿਟ ਮੰਤਰੀ ਹਰੀਸ਼ ਚੌਧਰੀ ਤੇ ਸਿਹਤ ਮੰਤਰੀ ਨਾਲ ਮੁਲਕਾਤ ਕਰਨਗੇ। ਵਫਦ ਵਿੱਚ ਪਿੰਡ ਕੌਰੇਆਣਾ ਦੀ ਪੰਚਾਇਤ ਨੁਮਾਇੰਦਿਆਂ ਤੋਂ ਇਲਾਵਾ ਤਾਰਾ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਦਾਸ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ, ਡਾ. ਜ਼ੈਜ਼ੀ ਸ਼ਾਮਿਲ ਸਨ। ਇਸ ਮੌਕੇ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ, ਦਿਲਪ੍ਰੀਤ ਸਿੰਘ ਜਗਾ ਬਲਾਕ ਕਾਂਗਰਸ ਪ੍ਰਧਾਨ, ਲਖਵਿੰਦਰ ਲੱਕੀ ਪ੍ਰਧਾਨ ਯੂਥ ਕਾਂਗਰਸ ਆਦਿ ਮੌਜੂਦ ਸਨ।