ਸ਼ਹਿਰ ’ਚ ਦਰਪੇਸ਼ ਆਵਾਜਾਈ ਸਮੱਸਿਆ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ- ਅਦਿੱਤਿਆ

ਧੂਰੀ,8 ਫਰਵਰੀ (ਮਹੇਸ਼ ਜਿੰਦਲ) ਆਈ.ਪੀ.ਐੱਸ. ਅਧਿਕਾਰੀ ਅਦਿੱਤਿਆ ਨੇ ਅੱਜ ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ ਵਜੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਆਪਣੀ ਪਲੇਠੀ ਮਿਲਣੀ ’ਚ ਕਿਹਾ ਕਿ ਜਿੱਥੇ ਸਮਾਜ ’ਚ ਵੱਧ ਰਹੇ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਉੱਥੇ ਸ਼ਹਿਰ ਨੂੰ ਦਰਪੇਸ਼ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਸੰਸਥਾਵਾਂ ਨਾਲ ਮੀਟਿੰਗ ਕਰ ਕੇ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਹਨੂਮਾਨਗੜ ਜ਼ਿਲੇ ਦੇ ਰਹਿਣ ਵਾਲੇ ਅਦਿੱਤਿਆ ਦੀ ਬਤੌਰ ਆਈ.ਪੀ.ਐੱਸ ਧੂਰੀ ਵਿਖੇ ਪਹਿਲੀ ਤਾਇਨਾਤੀ ਹੈ। ਉਨਾਂ ਕਿਹਾ ਕਿ ਸ਼ਹਿਰ ’ਚ ਆਉਂਦੀਆਂ ਸਕੂਲ ਬੱਸਾਂ ਕਾਰਨ ਖ਼ਾਸ-ਖ਼ਾਸ ਥਾਵਾਂ ’ਤੇ ਲੱਗਦੇ ਜਾਮਾਂ ਦੇ ਸਥਾਈ ਹੱਲ ਲਈ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਲਾਕੇ ਵਿਚ ਗੈਰ ਕਾਨੂੰਨੀ ਕਾਰਵਾਈਆਂ ਤੇ ਨਿਗਾ ਰੱਖਣ ਲਈ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸ਼ਨਾਖ਼ਤ ਕਰ ਕੇ ਜਿੱਥੇ ਉਨਾਂ ਨੂੰ ਚਾਲੂ ਹਾਲਤ ’ਚ ਕੀਤਾ ਜਾਵੇਗਾ, ਉੱਥੇ ਹੋਰ ਜ਼ਰੂਰੀ ਥਾਵਾਂ ’ਤੇ ਜਨਤਾ ਦੇ ਸਹਿਯੋਗ ਨਾਲ ਕੈਮਰੇ ਲਗਵਾਏ ਜਾਣਗੇ। ਉਨਾਂ ਕਿਹਾ ਕਿ ਸ਼ਹਿਰ ’ਚ ਆਵਾਰਾਗਰਦ ਕਿਸਮ ਦੇ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਲੜਕੀਆਂ ਦੇ ਸਕੂਲਾਂ ਅਤੇ ਕਾਲਜਾਂ ਨੇੜੇ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇਗੀ। ਉਨਾਂ ਲੋਕਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਦਰਪੇਸ਼ ਹੋਵੇ ਤਾਂ ਉਨਾਂ ਨਾਲ ਬੇਝਿਜਕ ਰਾਬਤਾ ਕਾਇਮ ਕਰ ਸਕਦਾ ਹੈ। ਉਨਾਂ ਨਸ਼ੇ ਨੂੰ ਠੱਲਣ ਲਈ ਲੋਕਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਦੀ ਸੂਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਫ਼ੋਟੋ - 8ਧੂਰੀ1ਕੈਪਸ਼ਨ ਆਈ.ਪੀ.ਐੱਸ. ਅਧਿਕਾਰੀ ਅਦਿੱਤਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ