ਬਠਿੰਡਾ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਹਰੀ ਦੀਵਾਲੀ ਦੇ ਸੁਨੇਹੇ ਨੂੰ ਹੁੰਗਾਰਾ ਦਿੰਦਿਆਂ ਆਈ.ਜੀ. ਬਠਿੰਡਾ ਸ਼੍ਰੀ ਐਮ.ਐਫ਼ ਫਾਰੂਕੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਅਤੇ ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਅੱਜ ਦੀਵਾਲੀ ਦੇ ਤੋਹਫ਼ੇ ਵਜੋਂ ਪੌਦੇ, ਕੱਪੜੇ ਦੇ ਬਣੇ ਬੈਗ, ਦੀਵੇ ਅਤੇ ਮਿਠਾਇਆਂ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਵੰਡੇ। ਦੀਵਾਲੀ ਦੇ ਮੌਕੇ 200 ਪੁਲਿਸ ਕਰਮਚਾਰੀਆਂ ਨੂੰ ਇਹ ਚੀਜ਼ਾਂ ਵੰਡਦਿਆਂ ਆਈ. ਜੀ. ਸ਼੍ਰੀ ਐਮ.ਐਫ਼ ਫਾਰੂਕੀ ਨੇ ਅਪੀਲ ਕੀਤੀ ਕਿ ਉਹ ਬਿਨਾਂ ਪਟਾਕਿਆਂ ਦੀ ਹਰੀ ਦੀਵਾਲੀ ਮਨਾਉਣ ਅਤੇ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਦੂਰ ਰਹਿਣ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਰੋਏ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਜ ਵੰਡੇ ਗਏ ਕੱਪੜੇ ਦੇ ਬੈਗ ਕੇਂਦਰੀ ਜੇਲ ਬਠਿੰਡਾ ਦੇ ਕੈਦੀਆਂ ਵਲੋਂ ਬਣਾਏ ਗਏ ਹਨ ਜਿਨਾਂ ਦਾ ਮੁੱਖ ਮਕਸਦ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਖ਼ਤਮ ਕਰਨਾ ਹੈ। ਉਨਾਂ ਦੱਸਿਆ ਕਿ ਅੱਜ ਵੰਡੀਆਂ ਗਈਆਂ ਤੋਹਫ਼ਿਆਂ ਦੀਆਂ ਕਿੱਟਾਂ ਵਿਚ ਦੀਵੇ ਵੀ ਵੰਡੇ ਗਏ ਹਨ ਜਿਹੜੇ ਕਿ ਲੋਕਾਂ ਨੂੰ ਸਥਾਨਕ ਮਾਰਕਿਟ ਦੀਆਂ ਚੀਜ਼ਾਂ ਵਰਤ ਕੇ ਸਥਾਨਕ ਲੋਕਾਂ ਨੂੰ ਕਾਰੋਬਾਰ ਮੁਹੱਈਆ ਕਰਵਾਉਂਦੇ ਹਨ।