ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਕੈਸਰ ਚੇਤਨਾ ਦਿਹਾੜੇ ਮੌਕੇ ਕੈਂਸਰ ਦੀ ਰੋਕਥਾਮ ਤੇ ਆਮ ਜਨਤਾ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਮੰਤਵ ਨਾਲ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਖੇਤਰ ਦੀ ਗਲੋਬਲ ਕੈਂਸਰ ਕਨਸਰਨ ਇੰਡੀਆ ਨਾਮ ਦੀ ਐੱਨ ਜੀ ਓ ਵੱਲੋਂ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸਕੂਲ ਵਿਖੇ ਕਰਵਾਏ ਇਸ ਸੈਮੀਨਾਰ ਮੌਕੇ ਡਾ. ਪਵਨ ਕੁਮਾਰ ਨੇ ਜਾਗਰੂਕਤਾ ਸੈਮੀਨਾਰ ਵਿਚ ਬੱਚਿਆਂ ਨੂੰ ਕੈਂਸਰ ਦੇ ਭਿਆਨਕ ਸਿੱਟਿਆਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਸਕੂਲ ਕੈਂਪਸ 'ਚ ਅਯੋਜਿਤ ਇਸ ਸੈਮੀਨਾਰ ਮੌਕੇ ਡਾ. ਪਵਨ ਕੁਮਾਰ ਨੇ ਕੈਂਸਰ ਦੇ ਕਾਰਨਾਂ, ਲੱਛਣਾਂ ਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿਚ ਔਰਤਾਂ ਅਤੇ ਮਰਦਾਂ ਵਿਚ ਮੁੱਖ ਤੌਰ 'ਤੇ ਸਰਵਾਈਕਲ, ਬਰੈਸਟ, ਔਰਲ, ਪੇਟ ਅਤੇ ਫੇਫੜਿਆਂ ਦਾ ਕੈਂਸਰ ਮੁੱਖ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜੋ ਆਂਕੜੇ ਜਾਰੀ ਕੀਤੇ ਗਏ ਹਨ ਉਸ ਤਹਿਤ ਵਿਸ਼ਵ ਵਿਚ ਹਰ ਸਾਲ 14.1 ਮਿਲੀਅਨ ਕੈਂਸਰ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ ਅਤੇ ਹਰ ਸਾਲ 8.2 ਮਿਲੀਅਨ ਲੋਕਾਂ ਦੀ ਕੈਂਸਰ ਕਾਰਨ ਮੌਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਕੌਮੀ ਪੱਧਰ 'ਤੇ ਜਾਰੀ ਕੀਤੇ ਆਂਕੜਿਆਂ ਦੇ ਮੁਕਾਬਲੇ ਵੱਧ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਉਕਤ ਐੱਨ ਜੀ ਓ ਦੇ ਪ੍ਰੋਜੈਕਟ ਅਫਸਰ ਸੰਦੀਪ ਕੌਸ਼ਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਠੋਸ ਕਦਮ ਚੱਕੇ ਗਏ ਹਨ, ਜਿਸ ਤਹਿਤ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਚਲਾਈ ਗਈ ਹੈ ਅਤੇ ਕੈਂਸਰ ਦੇ ਮਰੀਜ਼ਾਂ ਦਾ ਡੇਢ ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕੈਂਸਰ ਜੜ੍ਹੋਂ ਪੁਟਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਹ ਕਾਰਜ ਸਿਰੇ ਚੜ੍ਹਾਇਆ ਜਾ ਸਕਦਾ ਹੈ, ਜਿਸ ਨਾਲ ਪਹਿਲਾਂ ਵਾਲਾ ਤੰਦਰੁਸਤ ਤੇ ਖੁਸ਼ਹਾਲ ਸੂਬਾ ਪੰਜਾਬ ਦੁਬਾਰਾ ਵਿਕਸਿਤ ਹੋ ਸਕਦਾ ਹੈ। ਇਸ ਮੌਕੇ ਉਹਨਾਂ ਨੇ ਉਕਤ ਐੱਨ ਜੀ ਓ ਵੱਲੋਂ ਚਲਾਈਆਂ ਜਾਂਦੀਆਂ ਕੈਂਸਰ ਜਾਗਰੂਕਤਾ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਅਪੀਲ਼ ਕੀਤੀ ਕਿ aਹ ਇਸ ਐੱਨ ਜੀ ਓ ਰਾਹੀਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਵਾ ਸਕਦੇ ਹਨ। ਉਨ੍ਹਾਂ ਹਾਜ਼ਰੀਨ ਸਮੇਤ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਤੰਦਰੁਸਤ ਸਰੀਰ ਦੀ ਪ੍ਰਾਪਤੀ ਲਈ ਫਲ, ਸਬਜ਼ੀਆਂ ਦੀ ਜਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਵੇ ਤਾਂ ਜੋ ਲਗਾਤਾਰ ਵੱਧ ਰਹੀ ਕੈਂਸਰ ਜਿਹੀ ਭਿਆਨਕ ਬਿਮਾਰੀ ਨੂੰ ਜੜ੍ਹੋਂ ਪੁੱਟਿਆ ਜਾ ਸਕੇ। ਇਸ ਮੌਕੇ ਜਿੱਥੇ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ ਉੱਥੇ ਸੈਕਟਰੀ ਮੈਡਮ ਸ੍ਰੀਮਤੀ ਪਰਮਜੀਤ ਕੌਰ ਜਗਾ ਅਤੇ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।