ਕ੍ਰੋਧ - ਇੱਕ ਦਿਮਾਗੀ ਬਿਮਾਰੀ?
- ਗੁਰਮਤਿ ਗਿਆਨ
- 02 Mar,2025

ਕ੍ਰੋਧ ਦਾ ਅਰਥ ਗੁੱਸਾ ਹੈ। ਇਹ ਇੱਕ ਭਾਵਨਾਤਮਕ ਪ੍ਰਤੀਕਿਰਿਆ ਜਾਂ ਇੱਕ ਜਬਰਦਸਤ ਵਲਵਲਾ ਹੈ ਓਦੋਂ ਜਦੋਂ ਇਸ ਨੂੰ ਕੋਈ ਧਮਕੀ ਜਾਂ ਡਰਾਵਾ ਦੇਂਦਾ ਹੈ। ਮਨੁੱਖ ਦੀ ਜਦੋਂ ਕਾਮਨਾ ਪੁਰੀ ਨਹੀਂ ਹੁੰਦੀ ਤਾਂ ਓਦੋਂ ਕ੍ਰੋਧ ਜਨਮ ਲੈਂਦਾ ਹੈ। ਕ੍ਰੋਧ ਦੀ ਉਮਰ ਕੋਈ ਜ਼ਿਆਦਾ ਲੰਬੀ ਨਹੀਂ ਹੁੰਦੀ। ਕੁੱਝ ਸੈਕਿੰਡ ਜੇ ਬੰਦਾ ਚੁੱਪ ਰਹੇ ਤਾਂ ਕ੍ਰੋਧ ਦੀ ਰੂਪ ਰੇਖਾ ਬਦਲ ਜਾਂਦੀ ਹੈ। ਅਸਲ ਵਿੱਚ ਜਦੋਂ ਮਨੁੱਖ ਦੀ ਹਊਮੇ ਤੇ ਸੱਟ ਵੱਜਦੀ ਹੈ ਤਾਂ ਇਸ ਦੇ ਮਨ ਵਿੱਚ ਕਰੋਧ ਜਨਮ ਲੈਂਦਾ ਹੈ।
ਸਾਡੇ ਸਮਾਜ ਵਿੱਚ ਜਦੋਂ ਕੋਈ ਕਿਸੇ ਨਾਲ ਵਰਤੋਂ ਵਿਹਾਰ ਦੇ ਬੁਨਿਆਦ ਦੀਆਂ ਹੱਦਾਂ ਪਾਰ ਕਰਦਾ ਹੈ ਤਾਂ ਕੁਦਰਤੀ ਕ੍ਰੋਧ ਜਨਮ ਲੈਂਦਾ ਹੈ। ਜਦੋਂ ਕ੍ਰੋਧ ਆਉਂਦਾ ਹੈ ਤਾਂ ਇਸ ਦਾ ਸਾਡੇ ਦਿਮਾਗ ਤੋਂ ਲੈ ਕੇ ਸਾਰੇ ਸਰੀਰ ਦੇ ਸਾਰੇ ਅੰਗਾਂ ਦੀ ਦਸ਼ਾ ਤਬਦੀਲ ਕਰ ਦੇਂਦਾ ਹੈ। ਹੱਥ ਕੰਬਣ ਲੱਗ ਜਾਂਦੇ ਹਨ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਕਚੀਚੀਆਂ ਵੱਟਣ ਲੱਗ ਜਾਂਦਾ ਹੈ।
ਕ੍ਰੋਧ ਬਹੁਤ ਨੁਕਸਾਨ ਦਾਇਕ ਹੈ ਜਿਸ ਦੇ ਨਤੀਜੇ ਬਹੁਤ ਭਿਆਨਕ ਨਿਕਲਦੇ ਹਨ। ਕ੍ਰੋਧ ਵਿੱਚ ਅੰਨ੍ਹਾ ਹੋਇਆ ਮਨੁੱਖ ਉਹ ਕੁਕਰਮ ਕਰ ਬੈਠਦਾ ਹੈ ਜਿਸ ਨਾਲ ਇਸ ਨੂੰ ਸਾਰੀ ਉਮਰ ਜੇਲ੍ਹ ਵਿੱਚ ਬਿਤਾਉਣੀ ਪੈ ਸਕਦੀ ਹੈ। ਪਰੇ-ਪੰਚਾਇਤ ਵਿੱਚ ਬੈਠ ਕੇ ਬੰਦੇ ਨੂੰ ਕਦੇ ਵੀ ਕ੍ਰੋਧ ਵਿੱਚ ਦਲੀਲ ਬਾਜ਼ੀ ਨਹੀਂ ਕਰਨੀ ਚਾਹੀਦੀ ਕਿਉਂ ਕਿ ਫੈਸਲੇ ਸਹੀ ਨਹੀਂ ਹੋ ਸਕਦੇ।
ਕ੍ਰੋਧ ਦਾ ਇੱਕ ਉਹ ਪੱਖ ਵੀ ਹੈ ਜਿਸ ਦੁਆਰਾ ਕਿਸੇ ਵਲੋਂ ਕੀਤੇ ਚੈਲੰਜ ਨੂੰ ਮਿਹਨਤ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ। ਕ੍ਰੋਧ ਵਿੱਚ ਆਇਆ ਮਨੁੱਖ ਕਿਸੇ ਦੀ ਦਲੀਲ ਆਦ ਸੁਣਨ ਲਈ ਤਿਆਰ ਨਹੀਂ ਹੁੰਦਾ ਤੇ ਭਲੇ ਬੁਰੇ ਦੀ ਸ਼ਨਾਖਤ ਨਹੀਂ ਕਰ ਸਕਦਾ। ਕ੍ਰੋਧੀ ਮਨੁੱਖ ਜਿੱਥੇ ਆਪ ਸੰਤਾਪ ਭੋਗਦਾ ਹੈ ਓੱਥੇ ਪ੍ਰਵਾਰ ਵਾਲਿਆਂ ਨੂੰ ਦੁੱਖਾਂ ਦੀ ਭੱਠੀ ਵਿੱਚ ਝੋਕੀ ਰੱਖਦਾ ਹੈ। ਕ੍ਰੋਧ ਨੂੰ ਗਿਆਨ ਦੁਆਰਾ ਸਮਝ ਕੇ ਵਰਤਿਆ ਜਾਏ ਤਾਂ ਕੌਮਾਂ ਦੀ ਉਸਾਰੀ ਹੁੰਦੀ ਹੈ ਤੇ ਚਣੌਤੀਆਂ ਕਬੂਲ ਕਰਕੇ ਅੱਗੇ ਵੱਧਣ ਦੀ ਸਮਰੱਥਾ ਰੱਖਦਾ ਹੈ। ਕੌਮੀ ਜਜ਼ਬੇ ਵਾਲਾ ਕ੍ਰੋਧ ਕੌਮ ਨੂੰ ਗੁਲਾਮੀ ਤੋਂ ਬਚਾਉਂਦਾ ਹੈ—
ਹੇ ਕਲਿ ਮੂਲ ਕ੍ਰੋਧੰ, ਕਦੰਚ ਕਰੁਣਾ ਨ ਉਪਰਜਤੇ॥
ਬਿਖਯੰਤ ਜੀਵੰ ਵਸ੍ਯ੍ਯੰ ਕਰੋਤਿ, ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ॥
ਅਨਿਕ ਸਾਸਨ ਤਾੜੰਤਿ ਜਮਦੂਤਹ, ਤਵ ਸੰਗੇ ਅਧਮੰ ਨਰਹ॥
ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ, ਸਰਬ ਜੀਅ ਰਖ੍ਯ੍ਯਾ ਕਰੋਤਿ॥ ੪੭॥
ਅੱਖਰੀਂ ਅਰਥ--— ਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ। ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈਂ। ਤੇਰੇ ਵੱਸ ਵਿੱਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ।
ਤੇਰੀ ਸੰਗਤ ਵਿੱਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ।
ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ)।
ਵਿਚਾਰ ਚਰਚਾ—
- ਕੀ ਕ੍ਰੋਧੀ ਮਨੁੱਖ ਨੂੰ ਕੋਈ ਅਸਮਾਨ ਵਾਲੇ ਜਮਦੂਤ ਸਜਾਵਾਂ ਦੇਂਦੇ ਹਨ? ਨਹੀਂ ਜੀ ਆਪਣੇ ਭੇੜੇ ਸੁਭਾਅ ਦੇ ਔਗੁਣ ਹੀ ਇਸ ਦੇ ਜਮ ਹਨ।
- ਅਸਲ਼ੀਅਤ ਨੂੰ ਜਾਨਣ ਤੋਂ ਬਿਨਾ ਹੀ ਬਹੁਤ ਦਫਾ ਮਨੁੱਖ ਕ੍ਰੌਧੀ ਹੋ ਜਾਂਦਾ ਹੈ। ਕਿਸੇ ਮਨੁੱਖ ਨੂੰ ਕ੍ਰੌਧੀ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਚੁਗਲ਼ਬਾਜ਼ ਦਾ ਹੁੰਦਾ ਹੈ।
- ਕ੍ਰੋਧੀ ਮਨੁੱਖ ਆਪਣੇ ਪਰਾਏ ਦੀ ਪਹਿਚਾਨ ਭੁੱਲ ਜਾਂਦਾ ਹੈ ਤੇ ਬਹੁਤ ਵੱਡੇ ਨੁਕਸਾਨ ਦੀ ਕਬਰ ਖੋਦ ਲੈਂਦਾ ਹੈ।
- ਮਦਾਰੀ ਬਾਂਦਰ ਦੇ ਗਲ਼ ਵਿੱਚ ਰੱਸੀ ਪਾਕੇ ਘਰ ਘਰ ਨਚਾਉਂਦਾ ਹੈ ਕੁੱਝ ਏਸੇ ਤਰ੍ਹਾਂ ਮਨੁੱਖ ਜਦੋਂ ਕ੍ਰੋਧ ਦਾ ਵਿਰਾਟ ਰੂਪ ਧਾਰਨ ਕਰਦਾ ਹੈ ਤਾਂ ਇਹ ਵੀ ਬਾਂਦਰ ਵਾਂਗ ਨੱਚਦਾ ਹੋਇਆ ਦਿਸਦਾ ਹੈ।
- ਕ੍ਰੋਧ ਨੂੰ ਮਾਰਨ ਜਾਂ ਵੱਸ ਵਿੱਚ ਕਰਨ ਦਾ ਇਕੋ ਤਰੀਕਾ ਹੈ ਕਿ ਬੋਲਣ ਤੋਂ ਪਹਿਲਾਂ ਸੋਚ ਲਿਆ ਜਾਏ।
- ਸਹਿਜ, ਠਰ੍ਹੰਮਾ, ਸੰਤੋਖ, ਨੇਕ ਸਲਾਹ ਕ੍ਰੋਧ ਦੇ ਰੋਗ ਤੋਂ ਛੁਟਕਾਰਾ ਦਿਵਾ ਸਕਦੀ ਹੈ
- ਪੁਸਤਕਾਂ ਪੜ੍ਹਨਾ, ਗਿਆਨ ਹਾਸਲ ਕਰਨਾ ਆਪਣੀਆਂ ਵਾਸ਼ਨਵਾਂ ਨੂੰ ਆਪਣੇ ਅਧੀਨ ਕਰਕੇ ਰੱਖਣ ਨਾਲ ਕ੍ਰੋਧ ਤੋਂ ਰਾਹਤ ਮਿਲ ਸਕਦੀ ਹੈ। ਇਸ ਸਾਰੀ ਪ੍ਰਕਿਰਿਆ ਨੂੰ ਰੱਬ ਜੀ ਦੀ ਸਰਣ ਕਹਿਆ ਜਾਂਦਾ ਹੈ ਤੇ ਇਹ ਹੀ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ--
ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ॥ ੭੮॥
ਸਲੋਕ ਸੇਖ ਫਰੀਦ ਜੀ ਪੰਨਾ ੧੩੮੨
Author:

9915529725
Posted By:

Leave a Reply