PUC Rules 2026: ਨਵੇਂ BS-6 ਨਿੱਜੀ ਵਾਹਨਾਂ ਲਈ 3 ਸਾਲ ਬਾਅਦ ਬਣਵਾਉਣਾ ਪਵੇਗਾ ਪ੍ਰਦੂਸ਼ਣ ਸਰਟੀਫਿਕੇਟ

PUC Rules 2026: ਨਵੇਂ BS-6 ਨਿੱਜੀ ਵਾਹਨਾਂ ਲਈ 3 ਸਾਲ ਬਾਅਦ ਬਣਵਾਉਣਾ ਪਵੇਗਾ ਪ੍ਰਦੂਸ਼ਣ ਸਰਟੀਫਿਕੇਟ

ਵਾਹਨਾਂ ਦੇ ਪ੍ਰਦੂਸ਼ਣ ਸਰਟੀਫਿਕੇਟ (PUC) ਨੂੰ ਲੈ ਕੇ ਕੇਂਦਰ ਸਰਕਾਰ ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਸੋਧੇ ਹੋਏ ਨਿਯਮਾਂ ਤਹਿਤ ਨਵੇਂ ਅਤੇ ਪੁਰਾਣੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਦੀ ਵਾਜਬ ਮਿਆਦ ਵੱਖ-ਵੱਖ ਤੈਅ ਕੀਤੀ ਗਈ ਹੈ। ਨਵੇਂ BS-6 ਮਾਪਦੰਡਾਂ ਵਾਲੇ ਨਿੱਜੀ ਵਾਹਨਾਂ ਨੂੰ ਹੁਣ ਪਹਿਲੇ ਛੇ ਸਾਲਾਂ ਦੌਰਾਨ ਹਰ ਤਿੰਨ ਸਾਲ ਬਾਅਦ PUC ਸਰਟੀਫਿਕੇਟ ਬਣਵਾਉਣਾ ਪਵੇਗਾ। ਇਸ ਤੋਂ ਬਾਅਦ ਵਾਹਨ ਦੀ ਉਮਰ ਦੇ ਹਿਸਾਬ ਨਾਲ ਸਰਟੀਫਿਕੇਟ ਨਵਿਆਉਣ ਦੀ ਮਿਆਦ ਘੱਟ ਹੋ ਜਾਵੇਗੀ।

ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਵੱਲੋਂ 13 ਨਵੰਬਰ ਨੂੰ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ, ਛੇ ਸਾਲ ਤੱਕ ਪੁਰਾਣੇ BS-6 ਨਿੱਜੀ ਵਾਹਨਾਂ ਲਈ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਪ੍ਰਦੂਸ਼ਣ ਸਰਟੀਫਿਕੇਟ ਦੀ ਲੋੜ ਹੋਵੇਗੀ। ਛੇ ਸਾਲ ਤੋਂ ਵੱਧ ਪਰ 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਹਰ ਸਾਲ ਸਰਟੀਫਿਕੇਟ ਨਵਿਆਉਣਾ ਪਵੇਗਾ, ਜਦਕਿ 10 ਸਾਲ ਤੋਂ ਪੁਰਾਣੇ ਨਿੱਜੀ BS-6 ਵਾਹਨਾਂ ਲਈ ਹਰ ਛੇ ਮਹੀਨਿਆਂ ਬਾਅਦ PUC ਸਰਟੀਫਿਕੇਟ ਬਣਵਾਉਣਾ ਲਾਜ਼ਮੀ ਹੋਵੇਗਾ।

BS-6 ਟਰਾਂਸਪੋਰਟ ਵਾਹਨਾਂ ਲਈ ਵੀ ਬਦਲੇ ਨਿਯਮ

ਸੋਧੇ ਹੋਏ ਨਿਯਮਾਂ ਅਨੁਸਾਰ, BS-6 ਮਾਪਦੰਡਾਂ ਵਾਲੇ ਟਰਾਂਸਪੋਰਟ ਵਾਹਨਾਂ ਲਈ ਵੀ PUC ਸਰਟੀਫਿਕੇਟ ਦੀ ਵਾਜਬ ਮਿਆਦ ਵਧਾਈ ਗਈ ਹੈ। ਛੇ ਸਾਲ ਤੱਕ ਪੁਰਾਣੇ ਟਰਾਂਸਪੋਰਟ ਵਾਹਨਾਂ ਲਈ ਹਰ ਦੋ ਸਾਲਾਂ ਵਿੱਚ ਇੱਕ ਵਾਰ ਸਰਟੀਫਿਕੇਟ ਨਵਿਆਉਣਾ ਪਵੇਗਾ। ਛੇ ਸਾਲ ਤੋਂ ਵੱਧ ਪਰ 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਹਰ ਸਾਲ ਨਵੀਨੀਕਰਨ ਜ਼ਰੂਰੀ ਹੋਵੇਗਾ। ਇਸੇ ਤਰ੍ਹਾਂ 10 ਸਾਲ ਤੋਂ ਪੁਰਾਣੇ ਟਰਾਂਸਪੋਰਟ ਵਾਹਨਾਂ ਲਈ ਹਰ ਛੇ ਮਹੀਨਿਆਂ ਬਾਅਦ PUC ਸਰਟੀਫਿਕੇਟ ਨਵਿਆਉਣਾ ਲਾਜ਼ਮੀ ਰਹੇਗਾ।

BS-1 ਤੋਂ BS-4 ਵਾਹਨਾਂ ਲਈ PUC ਦੀ ਮਿਆਦ

ਨਵੇਂ ਨਿਯਮਾਂ ਤਹਿਤ BS-1, BS-2 ਅਤੇ BS-3 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਤਿੰਨ ਮਹੀਨਿਆਂ ਤੱਕ ਵਾਜਬ ਹੋਵੇਗਾ। ਇਸ ਦੇ ਨਾਲ ਹੀ BS-4 ਮਾਪਦੰਡਾਂ ਵਾਲੇ ਵਾਹਨਾਂ ਲਈ ਇਹ ਮਿਆਦ ਛੇ ਮਹੀਨੇ ਤੈਅ ਕੀਤੀ ਗਈ ਹੈ।

ਇਹ ਤਬਦੀਲੀਆਂ ਮੋਟਰ ਵਹੀਕਲਜ਼ ਐਕਟ, 1988 ਤਹਿਤ 'ਸੈਂਟਰਲ ਮੋਟਰ ਵਹੀਕਲਜ਼ (16ਵੀਂ ਸੋਧ) ਨਿਯਮ, 2026' ਰਾਹੀਂ ਸੂਚਿਤ ਕੀਤੀਆਂ ਗਈਆਂ ਹਨ। ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਨਿਯਮ ਲਾਗੂ ਹੋ ਗਏ ਹਨ।

ਇਨ੍ਹਾਂ ਸੋਧਾਂ ਤੋਂ ਪਹਿਲਾਂ BS-6 ਨਿਕਾਸੀ ਮਾਪਦੰਡਾਂ ਵਾਲੇ ਸਾਰੇ ਟਰਾਂਸਪੋਰਟ ਅਤੇ ਗ਼ੈਰ-ਟਰਾਂਸਪੋਰਟ ਵਾਹਨਾਂ ਲਈ PUC ਸਰਟੀਫਿਕੇਟ ਦੀ ਮੌਜੂਦਾ ਵਾਜਬ ਮਿਆਦ 12 ਮਹੀਨੇ ਸੀ। ਇਸੇ ਤਰ੍ਹਾਂ BS-4 ਵਾਹਨਾਂ ਲਈ ਵੀ ਇਹ ਮਿਆਦ 12 ਮਹੀਨੇ ਸੀ, ਜਦਕਿ BS-1, BS-2 ਅਤੇ BS-3 ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਛੇ ਮਹੀਨਿਆਂ ਤੱਕ ਵਾਜਬ ਹੁੰਦਾ ਸੀ।