Canada Fraud Case: 45 ਹਜ਼ਾਰ ਡਾਲਰ ਦੀ ਧੋਖਾਧੜੀ ਮਾਮਲੇ ’ਚ ਪੰਜਾਬੀ ਮੂਲ ਦੇ ਇੰਦਰਜੀਤ ਸਿੰਘ ਸਮੇਤ ਦੋ ਨੂੰ ਸਜ਼ਾ
- ਅੰਤਰਰਾਸ਼ਟਰੀ
- (Asia/Kolkata)
Canada Fraud Case: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕਈ ਕੈਸੀਨੋਜ਼ ਵਿੱਚ ਦੋ ਹਫ਼ਤਿਆਂ ਦੇ ਅਰਸੇ ਦੌਰਾਨ ਲਗਭਗ 45,000 ਡਾਲਰ ਦੇ ਧੋਖਾਧੜੀ ਵਾਲੇ ਲੈਣ-ਦੇਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਦੋਸ਼ੀਆਂ ਦੀ ਪਛਾਣ 50 ਸਾਲਾ ਯੂ ਜੂ (ਜੈਸਿਕਾ) ਲੂ ਅਤੇ 39 ਸਾਲਾ ਇੰਦਰਜੀਤ ਸਿੰਘ ਵਜੋਂ ਹੋਈ ਹੈ।
ਇੱਕ ਬਿਆਨ ਅਨੁਸਾਰ, ਕੰਬਾਈਂਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਆਫ ਬ੍ਰਿਟਿਸ਼ ਕੋਲੰਬੀਆ (CFSEU-BC), ਇਸ ਦੀ ਜੁਆਇੰਟ ਇਲੀਗਲ ਗੇਮਿੰਗ ਇਨਵੈਸਟੀਗੇਸ਼ਨ ਟੀਮ (JIGIT) ਅਤੇ ਇੰਡੀਪੈਂਡੈਂਟ ਗੈਂਬਲਿੰਗ ਕੰਟਰੋਲ ਆਫਿਸ (IGCO) ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ (BCLC) ਦੇ ਸਹਿਯੋਗ ਨਾਲ ਸਾਂਝੀ ਜਾਂਚ ਕੀਤੀ ਸੀ। ਇਸ ਜਾਂਚ ਤੋਂ ਬਾਅਦ ਦੋਵਾਂ ਨੂੰ ਜੁਲਾਈ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਪਰੈਲ 2025 ਵਿੱਚ ਸ਼ੁਰੂ ਹੋਈ ਸੀ ਜਾਂਚ
ਇਹ ਜਾਂਚ ਅਪਰੈਲ 2025 ਵਿੱਚ ਉਸ ਸਮੇਂ ਸ਼ੁਰੂ ਕੀਤੀ ਗਈ ਸੀ, ਜਦੋਂ ਅਧਿਕਾਰੀਆਂ ਨੂੰ ਕਈ ਕੈਸੀਨੋ ਟਿਕਾਣਿਆਂ ’ਤੇ ਸ਼ੱਕੀ ਲੈਣ-ਦੇਣ ਦੀਆਂ ਰਿਪੋਰਟਾਂ ਮਿਲੀਆਂ ਸਨ। ਜਾਂਚਕਰਤਾਵਾਂ ਨੇ ਪਾਇਆ ਕਿ ਮਾਰਚ ਦੇ ਅੱਧ ਤੋਂ ਅਪਰੈਲ 2025 ਦੇ ਸ਼ੁਰੂ ਤੱਕ ਧੋਖਾਧੜੀ ਰਾਹੀਂ ਲਗਭਗ 45,000 ਡਾਲਰ ਹਾਸਲ ਕੀਤੇ ਗਏ ਸਨ।
ਔਰਤ ਨੂੰ 12 ਮਹੀਨਿਆਂ ਦੀ ਸ਼ਰਤੀਆ ਸਜ਼ਾ
2 ਸਤੰਬਰ, 2026 ਨੂੰ ਯੂ ਜੂ (ਜੈਸਿਕਾ) ਲੂ ਨਿਊ ਵੈਸਟਮਿੰਸਟਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਹੋਈ ਅਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਕਬੂਲ ਕਰ ਲਿਆ। ਅਦਾਲਤ ਨੇ ਉਸ ਨੂੰ 12 ਮਹੀਨਿਆਂ ਦਾ ਕੰਡੀਸ਼ਨਲ ਸੈਂਟੈਂਸ ਆਰਡਰ ਸੁਣਾਇਆ। ਇਹ ਸਜ਼ਾ ਦਾ ਅਜਿਹਾ ਰੂਪ ਹੈ, ਜਿਸ ਵਿੱਚ ਵਿਅਕਤੀ ਭਾਈਚਾਰੇ ਵਿੱਚ ਰਹਿੰਦਿਆਂ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਦਾ ਹੈ।
ਸਜ਼ਾ ਸੁਣਾਏ ਜਾਣ ਤੱਕ ਲੂ 37,758.15 ਡਾਲਰ ਦਾ ਹਰਜਾਨਾ ਅਦਾ ਕਰ ਚੁੱਕੀ ਸੀ।
ਇੰਦਰਜੀਤ ਸਿੰਘ ਨੂੰ 18 ਮਹੀਨਿਆਂ ਲਈ ਪ੍ਰੋਬੇਸ਼ਨ
ਇੰਦਰਜੀਤ ਸਿੰਘ 4 ਨਵੰਬਰ, 2026 ਨੂੰ ਇਸੇ ਅਦਾਲਤ ਵਿੱਚ ਪੇਸ਼ ਹੋਇਆ ਅਤੇ 5,000 ਡਾਲਰ ਤੋਂ ਘੱਟ ਦੀ ਚੋਰੀ ਦੇ ਘੱਟ ਗੰਭੀਰ ਅਪਰਾਧ ਦਾ ਦੋਸ਼ ਕਬੂਲ ਕੀਤਾ। ਅਦਾਲਤ ਨੇ ਉਸ ਨੂੰ ਕੰਡੀਸ਼ਨਲ ਡਿਸਚਾਰਜ ਦੇ ਦਿੱਤਾ ਅਤੇ 18 ਮਹੀਨਿਆਂ ਲਈ ਪ੍ਰੋਬੇਸ਼ਨ ’ਤੇ ਰੱਖਿਆ।
12 ਨਵੰਬਰ, 2025 ਨੂੰ ਸ਼ੁਰੂਆਤੀ ਤੌਰ ’ਤੇ ਦੋਵਾਂ ਮੁਲਜ਼ਮਾਂ ਵਿਰੁੱਧ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਜਾਂਚ ਏਜੰਸੀਆਂ ਦੇ ਤਾਲਮੇਲ ਦੀ ਮਹੱਤਤਾ ਉਜਾਗਰ
CFSEU-BC ਦੇ ਮੀਡੀਆ ਰਿਲੇਸ਼ਨਜ਼ ਅਫਸਰ ਸਾਰਜੈਂਟ ਸਰਬਜੀਤ ਕੇ ਸੰਘਾ ਨੇ ਕਿਹਾ ਕਿ ਇਸ ਜਾਂਚ ਨੇ ਬ੍ਰਿਟਿਸ਼ ਕੋਲੰਬੀਆ ਦੇ ਗੇਮਿੰਗ ਉਦਯੋਗ ਵਿੱਚ ਅਪਰਾਧਿਕ ਗਤੀਵਿਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ, ਭਾਵੇਂ ਅਪਰਾਧ ਕਿਤੇ ਵੀ ਹੋਇਆ ਹੋਵੇ ਜਾਂ ਇਸ ਵਿੱਚ ਕੋਈ ਵੀ ਸ਼ਾਮਲ ਹੋਵੇ।