ਰਾਜ ਪੱਧਰੀ ਪ੍ਰਾਇਮਰੀ ਖੇਡਾਂ ਲਈ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ 12 ਖਿਡਾਰੀਆਂ ਦੀ ਹੋਈ ਚੋਣ।

ਤਲਵੰਡੀ ਸਾਬੋ, 3 ਨਵੰਬਰ (ਗਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਗਈਆਂ ਗਰਮ ਰੁੱਤ ਦੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਖੇਤਰ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਵੱਖ-ਵੱਖ ਖੇਡਾਂ ਵਿੱਚ 12 ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਕਤ ਸਕੂਲ ਦੇ ਖਿਡਾਰੀਆਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧ ਵਿੱਚ ਇੱਕ ਪੱਤਰਕਾਰ ਮਿਲਣੀ ਦੌਰਾਨ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਖੇਡ ਵਿਭਾਗ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਕਰਵਾਈਆਂ ਗਈ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਉਹਨਾਂ ਦੇ ਸਕੂਲ ਦੇ ਖਿਡਾਰੀਆਂ ਖਾਸ ਕਰਕੇ ਕਬੱਡੀ ਲੜਕੇ ਅਤੇ ਲੜਕੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਕਬੱਡੀ ਨੈਸ਼ਨਲ ਲੜਕੀਆਂ ਨੇ ਜ਼ਿਲ੍ਹੇ 'ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਸੀ ਅਤੇ ਕਬੱਡੀ ਸਰਕਲ ਸਟਾਈਲ ਲੜਕਿਆਂ ਦੀ ਟੀਮ ਉਪ ਜੇਤੂ ਰਹੀ ਸੀ। ਇਹਨਾਂ ਤੋਂ ਇਲਾਵਾ ਕਰਾਟੇ ਲੜਕੇ ਲੜਕੀਆਂ ਦੀ ਟੀਮ ਨੇ ਵੀ ਅੱਛਾ ਪ੍ਰਦਰਸ਼ਨ ਕੀਤਾ ਸੀ। ਇਹਨਾਂ ਟੀਮਾਂ ਦੀ ਚੰਗੀ ਕਾਰਗੁਜਾਰੀ ਦੇਖਦਿਆਂ ਸਿਲੈਕਸ਼ਨ ਕਮੇਟੀ ਵੱਲੋਂ ਉਕਤ ਸਕੂਲ ਦੇ ਲਗਭਗ 12 ਖਿਡਾਰੀ ਜ਼ਿਲ੍ਹਾ ਬਠਿੰਡਾ ਦੀ ਤਰਜਮਾਨੀ ਕਰਨ ਲਈ ਕਬੱਡੀ ਸਰਕਲ ਸਟਾਈਲ ਲੜਕੇ, ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅਤੇ ਕਰਾਟੇ ਲੜਕੇ-ਲੜਕੀਆਂ ਦੀ ਚੋਣ ਕੀਤੀ ਗਈ ਹੈ।ਸ. ਸਿੱਧੂ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਵੱਡੀ ਜਿੱਤ ਦਾ ਸਿਹਰਾ ਬਹੁਤ ਹੀ ਮਿਹਨਤੀ ਅਤੇ ਤਜ਼ਰਬੇਕਾਰ ਕਬੱਡੀ ਕੋਚ ਹਰਵਿੰਦਰ ਸਿੰਘ ਬਣਾਂਵਾਲਾ ਨੂੰ ਜਾਂਦਾ ਹੈ ਜਿਹਨਾਂ ਦੀ ਅਣਥੱਕ ਮਿਹਨਤ ਸਕਦਾ ਵੱਡੀ ਗਿਣਤੀ 'ਚ ਪ੍ਰਾਇਮਰੀ ਵਿੰਗ ਦੇ ਬੱਚੇ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਹਨ। ਉਹਨਾਂ ਦੱਸਿਆ ਕਿ ਉਕਤ ਟੀਮਾਂ ਕੋਲੋਂ ਹੋਰ ਵਧੀਆ ਪ੍ਰਦਰਸ਼ਨ ਕਰਵਾਉਣ ਲਈ ਤਿਆਰੀ ਲਈ ਸਕੂਲ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿੱਥੇ ਬੱਚੇ ਖੇਡ ਪ੍ਰਤੀ ਬਾਰੀਕੀਆਂ ਸਿੱਖ ਰਹੇ ਹਨ। ਉਹਨਾਂ ਆਸ ਪ੍ਰਗਟਾਈ ਕਿ ਸੰਗਰੂਰ ਵਿਖੇ 14 ਨਵੰਬਰ ਤੋਂ ਸ਼ੁਰੂ ਹੋ ਰਹੇ ਰਾਜ ਪੱਧਰੀ ਟੂਰਨਾਮੈਂਟ ਮੌਕੇ ਉਹਨਾਂ ਦੇ ਸਕੂਲ ਦੇ ਖਿਡਾਰੀ ਆਪਣੀ ਜਿੱਤ ਦੇ ਝੰਡੇ ਗੱਡਣਗੇ। ਇਸ ਮੌਕੇ ਮੈਨੇਜਿੰਗ ਡਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਸੈਕਟਰੀ ਸ੍ਰੀਮਤੀ ਪਰਮਜੀਤ ਕੌਰ ਜਗਾ ਵੀ ਹਾਜ਼ਰ ਸਨ।