ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿੱਚ ਅੱਜ ਇਕ ਬੰਦੂਕਧਾਰੀ ਵੱਲੋਂ ਦੋ ਮਸਜਿਦਾਂ ਵਿੱਚ ਕੀਤੀ ਗੋਲੀਬਾਰੀ ਵਿੱਚ 49 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਗੋਲੀਬਾਰੀ ’ਚ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 20 ਦੇ ਕਰੀਬ ਦੱਸੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਇਕ ਮਹਿਲਾ ਸਮੇਤ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬੰਦੂਕਧਾਰੀ ਦੀ ਪਛਾਣ ਆਸਟਰੇਲਿਆਈ ਨਾਗਰਿਕ ਬਰੈਂਟਨ ਟੈਰੰਟ(28) ਵਜੋਂ ਹੋਈ ਹੈ, ਜਿਸ ਨੇ ਇਸ ਪੂਰੀ ਘਟਨਾ ਨੂੰ ਆਪਣੇ ਫੇਸਬੁੱਕ ਖਾਤੇ ’ਤੇ ਲਾਈਵ ਵਿਖਾਇਆ। ਇਸ ਦੌਰਾਨ ਨਿਊਜ਼ੀਲੈਂਡ ਦੌਰੇ ’ਤੇ ਆਈ ਬੰਗਲਾਦੇਸ਼ ਕ੍ਰਿਕਟ ਟੀਮ ਦਾ ਵਾਲ ਵਾਲ ਬਚਾਅ ਹੋ ਗਿਆ। ਜਦੋਂ ਹਮਲਾ ਹੋਇਆ ਬੰਗਲਾਦੇਸ਼ੀ ਟੀਮ ਦੇ ਖਿਡਾਰੀ ਮਸਜਿਦ ਵਿੱਚ ਨਮਾਜ਼ ਅਦਾ ਕਰਨ ਜਾ ਰਹੇ ਸਨ। ਟੀਮ ਦੇ ਕੋਚ ਮੁਤਾਬਕ ਸਾਰੇ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਘਟਨਾ ਨੂੰ ਪੂਰੀ ਵਿਉਂਤਬੰਦੀ ਨਾਲ ਕੀਤਾ ‘ਦਹਿਸ਼ਤੀ ਹਮਲਾ’ ਕਰਾਰ ਦਿੰਦਿਆਂ ਅੱਜ ਦੇ ਦਿਨ ਨੂੰ ਮੁਲਕ ਦਾ ਕਾਲਾ ਦਿਨ ਦੱਸਿਆ ਹੈ।ਜਾਣਕਾਰੀ ਅਨੁਸਾਰ ਬੰਦੂਕਧਾਰੀ ਹਮਲਾਵਰ ਪਹਿਲਾਂ ਇਕ ਮਸਜਿਦ ਵਿੱਚ ਦੋ ਮਿੰਟ ਰਿਹਾ ਤੇ ਉਥੇ ਮੌਜੂਦ ਅਕੀਦਤਮੰਦਾਂ ’ਤੇ ਗੋਲੀਆਂ ਵਰ੍ਹਾਈਆਂ। ਉਸ ਨੇ ਦਮ ਤੋੜ ਚੁੱਕੇ ਵਿਅਕਤੀਆਂ ’ਤੇ ਵੀ ਗੋਲੀਆਂ ਦਾਗੀਆਂ। ਮਗਰੋਂ ਉਹ ਸੜਕ ’ਤੇ ਆ ਗਿਆ ਤੇ ਰਾਹਗੀਰਾਂ ਨੂੰ ਵੀ ਨਿਸ਼ਾਨਾ ਬਣਾਇਆ। ਬਾਅਦ ਵਿੱਚ ਉਹ ਆਪਣੀ ਕਾਰ ਵਿੱਚ ਬੈਠ ਗਿਆ ਜਿਸ ਵਿੱਚ ਅੰਗਰੇਜ਼ੀ ਰੌਕ ਬੈਂਡ ‘ਦਿ ਕਰੇਜ਼ੀ ਵਰਲਡ ਆਫ ਆਰਥਰ ਬਰਾਊਨ’ ਦਾ ‘ਫਾਇਰ’ ਗੀਤ ਵਜ ਰਿਹਾ ਸੀ। ਗੀਤ ਦੇ ਬੋਲ ਸਨ ‘‘ਆਈ ਐਮ ਦਿ ਗੌਡ ਆਫ਼ ਹੈੱਲਫਾਇਰ।’’ ਮਗਰੋਂ ਬੰਦੂਕਧਾਰੀ ਉਥੋਂ ਚਲਾ ਜਾਂਦਾ ਹੈ ਤੇ ਵੀਡੀਓ ਬੰਦ ਹੋ ਜਾਂਦਾ ਹੈ। ਕ੍ਰਾਈਸਟਚਰਚ ਦੇ ਪੁਲੀਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਦੋ ਮਸਜਿਦਾਂ (ਮਸਜਿਦ ਅਲ ਨੂਰ ਤੇ ਲਿਨਵੁੱਡ ਐਵ ਮਸਜਿਦ) ਵਿੱਚ ਕੀਤੀ ਗੋਲੀਬਾਰੀ ਨਾਲ 49 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਦੋਵੇਂ ਮਸਜਿਦਾਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਹਨ। ਆਸਟਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਿਡਨੀ ਵਿੱਚ ਦਿੱਤੇ ਇਕ ਬਿਆਨ ਵਿੱਚ ਕਿਹਾ ਕਿ ਕ੍ਰਾਈਸਟਚਰਚ ਦੀ ਇਕ ਮਸਜਿਦ ਵਿੱਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਦੀ ਪਛਾਣ ਆਸਟਰੇਲੀਅਨ ਨਾਗਰਿਕ ਵਜੋਂ ਹੋਈ ਹੈ। ਮੌਰੀਸਨ ਨੇ ਬੰਦੂਕਧਾਰੀ ਨੂੰ ਇੰਤਹਾਪਸੰਦ, ਸੱਜੇ-ਪੱਖੀ ਤੇ ਹਿੰਸਕ ਦਹਿਸ਼ਤਗਰਦ ਕਰਾਰ ਦਿੱਤਾ ਹੈ। ਪੁਲੀਸ ਮੁਤਾਬਕ ਫੌਜ ਨੇ ਧਮਾਕਾਖੇਜ਼ ਸਮੱਗਰੀ (ਦੋ ਆਈਈਡੀ’ਜ਼) ਵੀ ਬਰਾਮਦ ਕੀਤੀ ਹੈ।ਸੋਸ਼ਲ ਮੀਡੀਆ ਅਤੇ ਇੰਟਰਨੈੱਟ ’ਤੇ ਸਰਕੂਲੇਟ ਵੀਡੀਓਜ਼ ਤੇ ਹੋਰ ਦਸਤਾਵੇਜ਼ਾਂ ਮੁਤਾਬਕ ਹਮਲਾਵਰਾਂ ’ਚੋਂ ਇਕ ਬੰਦੂਕਧਾਰੀ ਨੇ ਇਸ ਪੂਰੇ ਕਾਰੇ ਦੀ ਆਪਣੇ ਫੇਸਬੁੱਕ ਖਾਤੇ ਰਾਹੀਂ ਲਾਈਵ ਸਟ੍ਰੀਮਿੰਗ ਕੀਤੀ। ਇਹ ਵੀਡੀਓ, ਜਿਸ ਨੂੰ ਮਗਰੋਂ ਫੇਸਬੁੱਕ ਤੇ ਹੋਰਨਾਂ ਸੋਸ਼ਲ ਸਾਈਟਾਂ ਤੋਂ ਹਟਾ ਲਿਆ ਗਿਆ। ਨਿਊਜ਼ੀਲੈਂਡ ਪੁਲੀਸ ਨੇ ਵੀਡੀਓ ਨੂੰ ‘ਬੇਹੱਦ ਅਫਸੋਸਨਾਕ’ ਦਸਦਿਆਂ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਅੱਗੇ ਸਾਂਝਾ ਨਾ ਕਰਨ। ਉਂਜ ਹਮਲਾਵਰ ਦੇ ਫੇਸਬੁੱਕ ਪੇਜ ਨਾਲ ਲਿੰਕ ਖਾਤਿਆਂ ’ਚ ਇਕ ਮੈਨੀਫੈਸਟੋ ਵੀ ਪੋਸਟ ਕੀਤਾ ਗਿਆ ਹੈ, ਜਿਸ ਵਿੱਚ ਇਸ ਹਮਲੇ ਨੂੰ ਨਸਲ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਖਾਤੇ ਵਿੱਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸੈਮੀ-ਆਟੋਮੈਟਿਕ ਹਥਿਆਰ ’ਤੇ ਕਈ ਇਤਿਹਾਸਕ ਸ਼ਖ਼ਸੀਅਤਾਂ ਦੇ ਨਾਂ ਹਨ, ਜਿਨ੍ਹਾਂ ਵਿੱਚੋਂ ਕਈ ਮੁਸਲਮਾਨਾਂ ਦੀਆਂ ਹੱਤਿਆਵਾਂ ਵਿੱਚ ਸ਼ਾਮਲ ਸਨ।ਮਸਜਿਦ ਵਿੱਚ ਮੌਕੇ ’ਤੇ ਮੌਜੂਦ ਅਲ ਨੂਰ ਨਾਂ ਦੇ ਸ਼ਖ਼ਸ ਨੇ ਦੱਸਿਆ ਕਿ ਬੰਦੂਕਧਾਰੀ ਹਮਲਾਵਰ ਗੋਰਾ ਸੀ। ਉਸ ਨੇ ਸਿਰ ’ਤੇ ਹੈਲਮਟ ਤੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ। ਜਦੋਂ ਉਸ ਨੇ ਗੋਲੀਆਂ ਚਲਾਈਆਂ ਮਸਜਿਦ ਵਿੱਚ ਮੌਜੂਦ ਲੋਕ ਨਮਾਜ਼ ਅਦਾ ਕਰ ਰਹੇ ਸਨ। ਨਿਊਜ਼ਲੈਂਡ ਪੁਲੀਸ ਨੇ ਮੁਲਕ ਵਿੱਚ ਰਹਿੰਦੇ ਮੁਸਲਮਾਨਾਂ ਨੂੰ ਕਿਸੇ ਵੀ ਮਸਜਿਦ ਵਿੱਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। -ਏਜੰਸੀਆਂ