-
ਦੱਸ ਗੁਰੂ ਸਾਹਿਬਾਨ - Ten Gurus
-
Sat Sep,2018
ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- "ਗੁਰੂ ਦਰ ਉੱਤੇ ਚਤੁਰਾਈਆਂ ਨਹੀਂ ਬਲਕਿ ਸ਼ਰਧਾ ਅਤੇ ਭੋਲਾਪਨ ਪ੍ਰਵਾਨ ਹੁੰਦਾ ਹੈ। ਸਿਰਫ ਬਾਹਰੀ ਕਿਤਾਬੀ ਜਾਣਕਾਰੀ ਮਨੁੱਖ ਨੂੰ ਨਿਰਾ ਤਰਕਵਾਦੀ ਅਤੇ ਸ਼ਰਧਾਹੀਣ ਬਣਾ ਦਿੰਦੀ ਹੈ, ਕਿਤਾਬੀ ਜਾਣਕਾਰੀ ਨੂੰ ਗੁਰਮਤਿ ਗਿਆਨ ਸਮਝ ਕੇ ਪ੍ਚਾਰਨ ਵਾਲੇ ਲੋਕ ਹੀ ਗੁਰਮਤਿ ਪ੍ਰੰਪਰਾਵਾਂ, ਪੁਰਾਤਨ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਤਪ ਅਸਥਾਨਾਂ ਅਤੇ ਪਵਿੱਤਰ ਸਰੋਵਰਾਂ ਸਮੇਤ ਗੁਰਬਾਣੀ ਉੱਪਰ ਸ਼ੰਕੇ ਖੜ੍ਹੇ ਕਰਕੇ ਹੌਲੀ-ਹੌਲੀ ਪੰਥ ਵਿਰੋਧੀਆਂ ਦੇ ਪਾਲ਼ੇ ਵਿੱਚ ਜਾ ਖੜ੍ਹਦੇ ਹਨ। ਸਾਨੂੰ ਗੁਰਬਾਣੀ ਉੱਪਰ ਪੂਰਨ ਸ਼ਰਧਾ ਭਾਵਨਾ ਬਣਾ ਕੇ ਆਪਣੇ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਪੁਰਾਤਨ ਸਰੋਤਾਂ ਤੋਂ ਸੇਧ ਲੈਂਦਿਆਂ ਗੁਰਮਤਿ ਅਨੁਸਾਰ ਜ਼ਿੰਦਗੀ ਜਿਉਣੀ ਚਾਹੀਦੀ ਹੈ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਸਿੱਖ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਖਾਲਸਾ ਨੇ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਦੀ ਸਰਪ੍ਰਸਤੀ ਹੇਠ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਰੰਤਰ ਸਰਗਰਮੀ ਸਹਿਤ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾ ਰਹੀ ਹੈ। ਇਸ ਲੜੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਨਜਦੀਕੀ ਪਿੰਡ ਮੈਨੂੰਆਣਾ ਵਿਖੇ ਗੁਰਮਤਿ ਪ੍ਰਚਾਰ ਸਮਾਗਮ ਦਾ ਆਯੋਜਨ ਨਗਰ ਸੰਗਤਾਂ ਵਲੋਂ ਕੀਤਾ ਗਿਆ। ਜਿਸ ਵਿੱਚ ਗੁਰਮਤਿ ਕੈਂਪ ਸੰਚਾਲਕ ਅਤੇ ਪ੍ਰਚਾਰਕ ਇੰਟਰਨੈਸ਼ਨਲ ਪੰਥਕ ਦਲ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਉਨ੍ਹਾਂ ਗੁਰਬਾਣੀ ਅਤੇ ੲਿਤਿਹਾਸ ਤੋਂ ਸੇਧ ਲੈਂਦਿਆਂ ਸੰਗਤਾਂ ਨੂੰ ਅੰਮ੍ਰਿਤ ਛਕਣ, ਸਿੰਘ ਸਜਣ, ਪਾਖੰਡਵਾਦ, ਨਸ਼ਿਆਂ ਅਤੇ ਹੋਰ ਕੁਰੀਤੀਆਂ ਤੋਂ ਦੂਰ ਰਹਿਣ ਲਈ ਗੁਰਬਾਣੀ ਉਪਦੇਸ਼ ਮੁਤਾਬਕ ਪ੍ਰੇਰਨਾ ਕੀਤੀ। ਇਸ ਮੌਕੇ ਪਹਿਲਾ ਸਿੱਖ ਰਾਜ ਕਾਇਮ ਕਰਨ ਵਾਲੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਆਧਾਰਿਤ ਧਾਰਮਿਕ ਫਿਲਮ ਦਿਖਾਈ ਗਈ। ਗੁਰਮਤਿ ਸਮਾਗਮ ਦੌਰਾਨ ਭਾਰੀ ਗਿਣਤੀ ਵਿਚ ਪੁੱਜੀਆਂ ਸਿੱਖ ਸੰਗਤਾਂ ਨੇ ਦੇਰ ਰਾਤ ਤੱਕ ਬੜੀ ਸ਼ਰਧਾ ਭਾਵਨਾ ਸਹਿਤ ਹਾਜ਼ਰੀ ਭਰੀ। ਗ੍ਰੰਥੀ ਬਾਬਾ ਅਮਨਦੀਪ ਸਿੰਘ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਦਾ ਸਿਰੋਪਾਓ ਨਾਲ ਸਨਮਾਨ ਕਰਦਿਆਂ, ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦਾ ਧਾਰਮਿਕ ਸੇਵਾਵਾਂ ਲੲੀ ਧੰਨਵਾਦ ਕੀਤਾ। ਇਸ ਮੌਕੇ ਭਾਈ ਕੁਲਦੀਪ ਸਿੰਘ ਮਿਰਜ਼ੇਆਣਾ, ਬਾਬਾ ਗੁਰਦੀਪ ਸਿੰਘ ਗ੍ਰੰਥੀ ਮਿਰਜ਼ੇਆਣਾ, ਗੁਰਦੁਆਰਾ ਪ੍ਰਬੰਧਕ, ਨਗਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।