Ludhiana Fire: ਫੀਲਡਗੰਜ 'ਚ ਪਟਾਕਿਆਂ ਨੂੰ ਲੱਗੀ ਅੱਗ, 'ਆਪ' ਆਗੂ ਦੇ ਭਰਾ ਦੀ ਮੌਤ

Ludhiana Fire: ਫੀਲਡਗੰਜ 'ਚ ਪਟਾਕਿਆਂ ਨੂੰ ਲੱਗੀ ਅੱਗ, 'ਆਪ' ਆਗੂ ਦੇ ਭਰਾ ਦੀ ਮੌਤ

ਲੁਧਿਆਣਾ ਦੇ ਫੀਲਡਗੰਜ ਇਲਾਕੇ ਵਿੱਚ ਦੇਰ ਦੁਪਹਿਰ ਇੱਕ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ 'ਤੇ ਰੱਖੇ ਪਟਾਕਿਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਪਟਾਕਿਆਂ ਦੇ ਜ਼ੋਰਦਾਰ ਧਮਾਕੇ ਹੋਣ ਲੱਗੇ ਅਤੇ ਇਸ ਦੌਰਾਨ ਇੱਕ ਕੰਧ ਡਿੱਗ ਗਈ। ਕੰਧ ਹੇਠਾਂ ਦੱਬਣ ਕਾਰਨ 27 ਸਾਲਾ ਨੌਜਵਾਨ ਸਾਹਿਲ ਸਭਰਵਾਲ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ, ਇਹ ਇਮਾਰਤ ਆਮ ਆਦਮੀ ਪਾਰਟੀ (ਆਪ) ਦੇ ਆਗੂ ਗੋਲਡੀ ਸਭਰਵਾਲ ਦੀ ਹੈ। ਮ੍ਰਿਤਕ ਸਾਹਿਲ ਸਭਰਵਾਲ 'ਆਪ' ਆਗੂ ਦੇ ਚਾਚੇ ਦਾ ਲੜਕਾ ਸੀ।

ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਰੱਖੇ ਸਨ ਪਟਾਕੇ

ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਕੱਪੜਿਆਂ ਦੀ ਦੁਕਾਨ ਹੈ, ਜਦਕਿ ਸਭ ਤੋਂ ਉਪਰਲੀ ਮੰਜ਼ਿਲ 'ਤੇ ਕਿਚਨ ਅਤੇ ਕਮਰੇ ਦੇ ਨਾਲ ਪਟਾਕੇ ਰੱਖੇ ਹੋਏ ਸਨ। ਅੱਗ ਲੱਗਣ ਤੋਂ ਬਾਅਦ ਪਟਾਕਿਆਂ ਦੇ ਧਮਾਕਿਆਂ ਕਾਰਨ ਉੱਥੇ ਇੱਕ ਕੰਧ ਡਿੱਗ ਗਈ, ਜਿਸ ਹੇਠਾਂ ਸਾਹਿਲ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਮਾਰਤ ਵਿੱਚ ਪਟਾਕਿਆਂ ਦਾ ਸਟਾਕ ਰੱਖਿਆ ਹੋਇਆ ਸੀ। ਦੂਜੇ ਪਾਸੇ, 'ਆਪ' ਆਗੂ ਗੋਲਡੀ ਸਭਰਵਾਲ ਨੇ ਕਿਹਾ ਕਿ ਇਹ ਪਿਛਲੇ ਸਾਲ ਦੇ ਬਚੇ ਹੋਏ ਪਟਾਕੇ ਸਨ, ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ।

ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਨੂੰ ਆਈ ਮੁਸ਼ਕਲ

ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਟੀਮ ਮੌਕੇ 'ਤੇ ਪਹੁੰਚ ਗਈ। ਫੀਲਡਗੰਜ ਦੀਆਂ ਗਲੀਆਂ ਬਹੁਤ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਅੱਗ 'ਤੇ ਕਾਬੂ ਪਾਉਣ ਅਤੇ ਬਚਾਅ ਕਾਰਜ ਚਲਾਉਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਕੇ 'ਤੇ ਪਹੁੰਚੇ। ਪੁਲੀਸ ਅਤੇ ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ ਸਨ।