ਕੈਨੇਡਾ ’ਚ ਫਰਜ਼ੀ ਸ਼ਨਾਖ਼ਤੀ ਕਾਰਡ ਨੇ ਫਸਾਇਆ ਗੈਂਗਸਟਰ ਅੰਮ੍ਰਿਤਪਾਲ ਬਾਠ, ਆਮ ਟਰੈਫਿਕ ਚੈਕਿੰਗ ਦੌਰਾਨ ਹੋਈ ਗ੍ਰਿਫ਼ਤਾਰੀ
- ਅੰਤਰਰਾਸ਼ਟਰੀ
- (Asia/Kolkata)
ਪੰਜਾਬ ਵਿੱਚ ਕਰੀਬ 20 ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੀ ਕੈਨੇਡਾ ਵਿੱਚ ਗ੍ਰਿਫ਼ਤਾਰੀ ਦੀ ਪੁਸ਼ਟੀ ਇੰਟਰਪੋਲ ਨੇ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਉਹ 8 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਪੁਲੀਸ ਦੀ ਆਮ ਟਰੈਫਿਕ ਚੈਕਿੰਗ ਦੌਰਾਨ ਫੜਿਆ ਗਿਆ ਸੀ। ਪੰਜਾਬ ਪੁਲੀਸ ਨੇ ਉਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਕਾਰਵਾਈ ਅਤੇ ਕਾਗ਼ਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
‘ਵੈਸਟਰਨ ਸਟੈਂਡਰਡ’ ਦੀ ਰਿਪੋਰਟ ਅਨੁਸਾਰ, ਪੁਲੀਸ ਨੇ ਇੱਕ ਕਾਰ ਨੂੰ ਸ਼ੱਕੀ ਢੰਗ ਨਾਲ ਚੱਲਦੇ ਦੇਖ ਕੇ ਰੋਕਿਆ ਸੀ। ਕਾਰ ਦੀ ਮੂਹਰਲੀ ਸੀਟ ’ਤੇ ਬੈਠੇ ਅੰਮ੍ਰਿਤਪਾਲ ਬਾਠ ਨੇ ਆਪਣਾ ਨਾਂ ਹਰਪ੍ਰੀਤ ਸਿੰਘ ਦੱਸਿਆ ਅਤੇ ਇਸੇ ਨਾਂ ਦਾ ਸ਼ਨਾਖ਼ਤੀ ਕਾਰਡ ਦਿਖਾਇਆ। ਦਸਤਾਵੇਜ਼ ਨਕਲੀ ਜਾਪਣ ’ਤੇ ਪੁਲੀਸ ਨੇ ਜਾਂਚ ਸ਼ੁਰੂ ਕੀਤੀ, ਜਿਸ ਦੌਰਾਨ ਉਸ ਦੀ ਅਸਲ ਪਛਾਣ ਸਾਹਮਣੇ ਆ ਗਈ।
ਸ਼ੱਕੀ ਦਸਤਾਵੇਜ਼ ਤੋਂ ਬਾਅਦ ਡੇਟਾਬੇਸ ਰਾਹੀਂ ਹੋਈ ਪਛਾਣ
ਜਾਣਕਾਰੀ ਮੁਤਾਬਕ, 8 ਅਕਤੂਬਰ ਦੀ ਸ਼ਾਮ ਨੂੰ ਸਰੀ ਦੇ ਵ੍ਹੀਲੀ ਇਲਾਕੇ ਵਿੱਚ ਪੁਲੀਸ ਨੇ ਇੱਕ ਕਾਰ ਨੂੰ ਬੇਤਰਤੀਬੇ ਢੰਗ ਨਾਲ ਚੱਲਦੇ ਦੇਖ ਕੇ ਰੋਕਿਆ। ਕਾਰ ਵਿੱਚ ਮੁਸਾਫ਼ਰ ਵਜੋਂ ਬੈਠੇ ਅੰਮ੍ਰਿਤਪਾਲ ਬਾਠ ਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਵਜੋਂ ਦੱਸੀ ਸੀ।
ਸਰੀ ਪੁਲੀਸ ਦੇ ਬੁਲਾਰੇ ਇਆਨ ਮੈਕਡੋਨਲਡ ਨੇ ਮੀਡੀਆ ਨੂੰ ਦੱਸਿਆ ਕਿ ਸ਼ਨਾਖ਼ਤੀ ਦਸਤਾਵੇਜ਼ ਨਕਲੀ ਜਾਪਦਾ ਸੀ। ਇਸ ਕਾਰਨ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀ ਨੂੰ ਸ਼ੱਕ ਹੋਇਆ ਅਤੇ ਉਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ।
ਸ਼ੱਕੀ ਵਿਅਕਤੀ ਦੇ ਵੇਰਵੇ ਡੇਟਾਬੇਸ ਵਿੱਚ ਜਾਂਚਣ ’ਤੇ ਪਤਾ ਲੱਗਾ ਕਿ ਉਹ ਅੰਮ੍ਰਿਤਪਾਲ ਸਿੰਘ ਬਾਠ ਹੈ, ਜਿਸ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਹਵਾਲੇ ਕਰ ਦਿੱਤਾ। ਉਹ ਫਿਲਹਾਲ ਏਜੰਸੀ ਦੀ ਹਿਰਾਸਤ ਵਿੱਚ ਹੈ।
ਪੁਲੀਸ ਅਧਿਕਾਰੀਆਂ ਮੁਤਾਬਕ, ਕੈਨੇਡੀਅਨ ਅਧਿਕਾਰੀਆਂ ਨੂੰ ਉਸ ਦੇ ਦੇਸ਼ ਵਿੱਚ ਮੌਜੂਦ ਹੋਣ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰ ਚਾਲਕ ਨੂੰ ਬਾਠ ਦੀ ਅਸਲ ਪਛਾਣ ਬਾਰੇ ਪਤਾ ਸੀ ਜਾਂ ਨਹੀਂ।
ਪੰਜਾਬ ਵਿੱਚ ਕਰੀਬ ਦੋ ਦਰਜਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦਾ ਵਸਨੀਕ ਅੰਮ੍ਰਿਤਪਾਲ ਬਾਠ ਕਤਲ, ਇਰਾਦਾ ਕਤਲ, ਨਸ਼ਾ ਤਸਕਰੀ ਅਤੇ ਫਿਰੌਤੀ ਵਸੂਲਣ ਸਮੇਤ ਕਰੀਬ ਦੋ ਦਰਜਨ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ।
‘ਦਿ ਟ੍ਰਿਬਿਊਨ’ ਨੇ 26 ਅਕਤੂਬਰ ਨੂੰ ਹੀ ਬਾਠ ਦੇ ਕੈਨੇਡਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਹੁਣ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਵੀ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਰਿਪੋਰਟਾਂ ਅਨੁਸਾਰ, ਕਾਨੂੰਨੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਭਾਰਤ ਹਵਾਲੇ (ਐਕਸਟਰਾਡਾਈਟ) ਜਾਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।