ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਜਿਲਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਉਪਰੰਤ ਹਲਕਾ ਤਲਵੰਡੀ ਸਾਬੋ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕਰਨ ਦੇ ਮੰਤਵ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪੱਧਰ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਸਥਾਨਕ ਚੱਠਾ ਪੈਲੇਸ ਵਿੱਚ ਹੋਈ। ਮੀਟਿੰਗ ਵਿੱਚ ਸਾਬਕਾ ਵਿਧਾਇਕ ਦੇ ਨਿੱਜੀ ਸਹਾਇਕ ਨਿਰਮਲ ਜੋਧਪੁਰ ਅਤੇ ਗੋਲਡੀ ਸਿੱਧੂ ਪਥਰਾਲਾ ਵੱਲੋਂ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਦੌਰਾਨ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਅਤੇ ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਵਰਕਰਾਂ ਨੂੰ ਦੱਸਿਆ ਕਿ ਹਲਕੇ ਅੰਦਰ ਸਿਆਸੀ ਗਤੀਵਿਧੀਆਂ ਨੂੰ ਤੇਜ ਕਰਨ ਦੀ ਲੜੀ 3 ਅਕਤੂਬਰ ਤੋਂ ਆਰੰਭੀ ਜਾਵੇਗੀ ਇਸ ਦਿਨ ਸਵੇਰੇ 11 ਵਜੇ ਚੱਠਾ ਪੈਲੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨਾਲ ਅਤੇ ਵਿਸ਼ੇਸ ਤੌਰ 'ਤੇ ਪਾਰਟੀ ਵੱਲੋਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲੜ ਚੁੱਕੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਅਗਲੇਰੀ ਯੋਜਨਾ ਦਾ ਖੁਲਾਸਾ ਕੀਤਾ ਜਾਵੇਗਾ। ਆਗੂਆਂ ਨੇ ਸਮੁੱਚੇ ਪਾਰਟੀ ਕੇਡਰ ਅਤੇ ਵਰਕਰਾਂ ਨੂੰ ਤਿੰਨ ਅਕਤੂਬਰ ਦੀ ਮੀਟਿੰਗ ਵਿੱਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਰਾਮਾਂ ਪ੍ਰਧਾਨ ਕ੍ਰਿਸ਼ਨ ਮਿੱਤਲ, ਸਾਬਕਾ ਪ੍ਰਧਾਨ ਮਦਨ ਲਾਲ ਲਹਿਰੀ, ਬਾਬੂ ਸਿੰਘ ਮਾਨ ਸਰਕਲ ਪ੍ਰਧਾਨ, ਸ਼ਅਦ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਨਿੱਪੀ ਮਲਕਾਣਾ, ਜਗਤਾਰ ਨੰਗਲਾ, ਬਲਵੰਤ ਸਿੰਘ ਨਥੇਹਾ, ਮੇਜਰ ਸਿੰਘ ਮਿਰਜ਼ੇਆਣਾ, ਰਾਮ ਸਰਪੰਚ ਸ਼ੇਖਪੁਰਾ ਤੇ ਹਰਪਾਲ ਵਿਰਕ, ਮਨਪ੍ਰੀਤ ਸ਼ੇਖਪੁਰਾ ਆਦਿ ਆਗੂ ਹਾਜਿਰ ਸਨ।