ਤਲਵੰਡੀ ਸਾਬੋ, 7 ਅਪਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਮੇਂ ਸਮੇਂ ਨਹਿਰੀ ਪਾਣੀ ਦੀ ਘਾਟ ਕਾਰਨ ਸਮੱਸਿਆ ਨਾਲ ਜੂਝ ਰਹੇ ਪਿੰਡ ਬਹਿਮਣ ਜੱਸਾ ਵਾਲੇ ਦੇ ਲੋਕਾਂ ਨੇ ਅੱਜ ਅੱਕ ਕੇ ਜਿੱਥੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਉੱਥੇ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਬਹਿਮਣ ਵਾਸੀ ਗੁਰਤੇਜ ਸਿੰਘ, ਕੇਵਲ ਸਿੰਘ, ਸਰਪੰਚ ਤਰਸੇਮ ਸਿੰਘ, ਗੁਰਮੇਲ ਸਿੰਘ, ਬਚਿੱਤਰ ਸਿੰਘ, ਬੀਰਬਲ ਸਿੰਘ, ਰਣਜੀਤ ਸਿੰਘ, ਗੁਰਪ੍ਰੇਮ ਸਿੰਘ (ਸਾਰੇ ਪੰਚ), ਜਗਤਾਰ ਸਿੰਘ, ਰਾਜਵਿੰਦਰ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ (ਸਾਰੇ ਨੰਬਰਦਾਰ), ਸਾਬਕਾ ਸਰਪੰਚ ਅਮਰਜੀਤ ਸਿੰਘ, ਸਾਬਕਾ ਪੰਚ ਪਰਮਜੀਤ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਪਿੰਡ ਨਹਿਰੀ ਰਜਵਾਹੇ ਦੀ ਟੇਲ 'ਤੇ ਪੈਣ ਕਾਰਨ ਨਹਿਰੀ ਪਾਣੀ ਉਨ੍ਹਾਂ ਦੇ ਖੇਤਾਂ ਤੱਕ ਨਹੀਂ ਪਹੁੰਚਦਾ ਜਿਸ ਕਰਕੇ ਉਨ੍ਹਾਂ ਦੀ ਫਸਲਾਂ ਸੁੱਕ ਜਾਂਦੀਆਂ ਹਨ ਤੇ ਪਿੰਡ ਦਾ ਕਾਫੀ ਰਕਬਾ ਬੰਜਰ ਰਹਿੰਦਾ ਹੈ। ਰਜਵਾਹੇ ਵਿੱਚ ਪੂਰਾ ਪਾਣੀ ਨਾ ਆਉਣ ਕਰਕੇ ਪੀਣ ਵਾਲੇ ਪਾਣੀ ਦੀ ਵੀ ਵੱਡੀ ਮੁਸ਼ਕਿਲ ਆਉਂਦੀ ਹੈ। ਇਸ ਸਮੱਸਿਆ ਨਾਲ ਉਹ ਪਿਛਲੇ ਵੀਹ ਸਾਲ ਤੋਂ ਜੂਝਦੇ ਆ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਵਿੱਚ ਪਾਣੀ ਨਾ ਆਉਣਾ ਜਾਂ ਬਹੁਤ ਘੱਟ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਦੇਣ ਵਾਲਾ ਰਜਵਾਹਾ ਪਿੱਛੋਂ ਜ਼ਿਲ੍ਹਾ ਮਾਨਸਾ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚੋਂ ਦੀ ਲੰਘ ਕੇ ਆਉਂਦਾ ਹੈ। ਇੰਨ੍ਹਾਂ ਹਲਕਿਆਂ ਵਿੱਚ ਆਪਣੀ ਵੋਟ ਬੈਂਕ ਪੱਕੀ ਰੱਖਣ ਦੇ ਮਕਸਦ ਨਾਲ ਲੋਕਾਂ ਨੂੰ ਖੁਸ਼ ਰੱਖਣ ਵਾਸਤੇ ਰਾਜਨੀਤਕ ਲੋਕਾਂ ਨੇ ਨਹਿਰੀ ਮਹਿਕਮੇ ਨਾਲ ਕਥਿਤ ਮਿਲੀ ਭੁਗਤ ਕਰਕੇ ਰਜਵਾਹੇ ਵਿਚੋਂ ਪਿਛਲੇ ਮੋਘਿਆਂ ਦੇ ਸਾਇਜ ਵਧਾ ਕੇ ਨੀਵੇਂ ਲਗਵਾ ਦਿੱਤੇ ਅਤੇ ਕਥਿਤ ਤੌਰ 'ਤੇ ਪਿਛਲੇ ਕਿਸਾਨਾਂ ਵੱਲੋਂ ਰਜਵਾਹੇ ਵਿੱਚ ਹੋਰ ਰੋਕਾਂ ਲਗਾ ਕੇ ਪਾਣੀ ਨੂੰ ਰੋਕਿਆ ਜਾਂਦਾ ਹੈ। ਕਿਸਾਨਾਂ ਨੇ ਕਿਹਾ ਕਿ ਅੱਕ ਕੇ ਪਿੰਡ ਵਾਸੀਆਂ ਨੇ ਆਉਣ ਵਾਲੀਆਂ ਲੋਕਾਂ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਅਤੇ ਬਨੇਰਿਆਂ 'ਤੇ ਕਾਲੀਆਂ ਝੰਡੀਆਂ ਲਗਾ ਕੇ ਰੋਸ ਪ੍ਰਗਟ ਕਰਨਗੇ। ਉਕਤ ਮਸਲੇ ਸਬੰਧੀ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਪਿਛਲੇ ਮੌਕਿਆਂ ਬਾਰੇ ਪੀੜ੍ਹਤ ਕਿਸਾਨਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਉਨ੍ਹਾਂ ਨੂੰ ਅਰਜੀ ਦੇ ਦੇਣ। ਕਿਸਾਨਾਂ ਨੂੰ ਨਾਲ ਲੈ ਕੇ ਮੋਘਿਆਂ ਦੀ ਜਾਂਚ ਕੀਤੀ ਜਾਵੇਗੀ ਜੋ ਗਲਤ ਸਾਹਮਣੇ ਆਇਆ ਉਸ ਨੂੰ ਠੀਕ ਕੀਤਾ ਜਾਵੇਗਾ। ਬੰਦੀ ਸਬੰਧੀ ਉਨ੍ਹਾਂ ਕਿਹਾ ਕਿ ਇਸ ਰੁੱਤ ਵਿੱਚ ਰਜਵਾਹਿਆਂ ਵਿੱਚ ਜਾਲੇ ਪੈਣ ਕਰਕੇ ਸਮੱਸਿਆ ਆ ਜਾਂਦੀ ਹੈ। ਰਜਵਾਹਿਆਂ ਵਿੱਚੋਂ ਜਾਲੇ ਕਢਵਾਏ ਜਾ ਰਹੇ ਹਨ ਤਾਂ ਜੋ ਨਰਮੇ ਦੀ ਬਿਜਾਈ ਸਮੇਂ ਨਹਿਰੀ ਪਾਣੀ ਦੀ ਕੋਈ ਮੁਸ਼ਕਿਲ ਨਾ ਆਵੇ।