ਪਟਿਆਲਾ, 3 ਸਤੰਬਰ: (ਪੀ ਐੱਸ ਗਰੇਵਾਲ)-ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਵਿਭਾਗਾਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਾਜਮੀ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹ ਅਵਾਰਾ ਪਸ਼ੂਆਂ ਦਾ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਸਿਟ੍ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ 'ਚ ਰੱਖਣਗੇ ਤਾਂ ਕਿ ਪਸ਼ੂਆਂ ਨੂੰ ਦੁੱਧ ਪੀਣ ਤੋਂ ਬਾਅਦ ਅਵਾਰਾ ਛੱਡਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸ. ਧਰਮਸੋਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਪਟਿਆਲਾ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਵਿਕਾਰ ਕਾਰਜਾਂ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਸ. ਧਰਮਸੋਤ ਨੇ ਕਿਹਾ ਕਿ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰਾਂ ਵੱਲੋਂ ਉਠਾਏ ਜਾਣ ਵਾਲੇ ਮਸਲਿਆਂ ਅਤੇ ਸ਼ਿਕਾਇਤਾਂ ਧਿਆਨ 'ਚ ਲਿਆਉਣ ਨਾਲ ਸਰਕਾਰੀ ਤੰਤਰ ਨੂੰ ਹੋਰ ਦਰੁਸਤ ਕਰਨ 'ਚ ਸਹਾਇਤਾ ਮਿਲਦੀ ਹੈ, ਇਸ ਲਈ ਲੋਕਾਂ ਦੇ ਨੁਮਾਇੰਦਿਆਂ ਵਜੋਂ ਨਾਮਜਦ ਸਾਰੇ ਮੈਂਬਰ, ਲੋਕਾਂ ਦੀ ਭਲਾਈ ਲਈ ਆਪਣੀ ਫੀਡਬੈਕ ਇਸ ਮੰਚ ਰਾਹੀਂ ਸਰਕਾਰ ਤੱਕ ਜਰੂਰ ਪੁੱਜਦੀ ਕਰਿਆ ਕਰਨ। ਉਨ੍ਹਾਂ ਕਿਹਾ ਕਿ ਇਹ ਕਮੇਟੀ ਨਾਗਰਿਕਾਂ ਅਤੇ ਸਰਕਾਰੀ ਤੰਤਰ ਦਰਮਿਆਨ ਪੈਦਾ ਹੋਣ ਵਾਲੇ ਖਲਾਅ ਤੇ ਫਾਸਲੇ ਨੂੰ ਦੂਰ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕੈਬਨਿਟ ਮੰਤਰੀ ਨੇ ਸਮਾਣਾ ਦੇ ਵਿਧਾਇਕ ਸ੍ਰੀ ਰਜਿੰਦਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਨਿਪਟਾਰੇ ਲਈ ਉਠਾਏ ਮੁੱਦੇ 'ਤੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਜੀਦਾ ਹੈ ਅਤੇ ਇਸ ਮਸਲੇ ਦਾ ਵੀ ਜਲਦ ਹੀ ਕੋਈ ਠੋਸ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਮੈਂਬਰਾਂ ਵੱਲੋਂ ਧਿਆਨ 'ਚ ਲਿਆਂਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਅਤੇ ਹੱਲ ਕਰਕੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ।ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਹੈ ਉਥੇ ਹੀ ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ ਸਿਰਜਣ ਸਮੇਤ ਸਰਕਾਰੀ ਸਕੀਮਾਂ ਦਾ ਲਾਭ ਹਰ ਲਾਭਪਾਤਰੀ ਤੱਕ ਪੁਜਦਾ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਇੱਕ ਮੈਂਬਰ ਵੱਲੋਂ ਪਾਤੜਾਂ ਤੋਂ ਅੱਗੇ ਬੱਸ ਪਾਸ ਨਾ ਬਣਾਏ ਜਾਣ ਦਾ ਮਸਲ ਉਠਾਏ ਜਾਣ 'ਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ 60 ਕਿਲੋਮੀਟਰ ਤੋਂ ਵਧੇਰੇ ਫਾਸਲੇ ਦੇ ਬੱਸ ਪਾਸ ਨਹੀਂ ਬਣਦੇ। ਮਗਨਰੇਗਾ ਮਜ਼ਦੂਰਾਂ ਦਾ ਮਸਲਾ ਧਿਆਨ 'ਚ ਆਉਣ 'ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮਜਦੂਰਾਂ ਦੀ ਮਜ਼ਦੂਰੀ ਦੀ ਰਾਸ਼ੀ ਸਿੱਧੀ ਖਾਤਿਆਂ 'ਚ ਪੈਂਦੀ ਹੈ ਅਤੇ ਇਨ੍ਹਾਂ ਕੰਮਾਂ ਲਈ ਵਰਤੇ ਜਾਂਦੇ ਸਮਾਨ ਦੀ ਗੁਣਵੱਤਾ ਦੀ ਬਕਾਇਦਾ ਜਾਂਚ ਹੁੰਦੀ ਹੈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਵੱਲੋਂ ਉਠਾਏ ਗਏ ਮਸਲਿਆਂ ਦਾ ਤੁਰੰਤ ਨਿਪਟਾਰਾ ਕਰਨ ਲਈ ਵਚਨਬੱਧ ਰਹੇਗਾ। ਜਦੋਂਕਿ ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀਮਤੀ ਪੂਨਮਦੀਪ ਕੌਰ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਗੁਪਤਾ ਨੇ ਮੀਟਿੰਗ ਦੀ ਕਾਰਵਾਈ ਚਲਾਈ।ਇਸ ਤੋਂ ਪਹਿਲਾਂ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਸ. ਧਰਮਸੋਤ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ 'ਚ ਤੇਜੀ ਲਿਆਂਦੀ ਜਾਵੇ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਸਮੇਤ ਅਸਲ ਲਾਭਪਾਤਰੀਆਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਸ੍ਰੀ ਧਰਮਸੋਤ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਿੱਖਿਆ ਸਮੇਤ ਸਕੂਲਾਂ 'ਚ ਬੁਨਿਆਦੀ ਢਾਂਚੇ ਉਪਰ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਸਮੇਤ ਲੋਕਾਂ ਨਾਲ ਸਬੰਧਤ ਕੰਮਾਂ 'ਚ ਕਿਸੇ ਤਰ੍ਹਾਂ ਦੀ ਅਣਗਹਿਲੀ ਅਤੇ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੈਬਨਿਟ ਮੰਤਰੀ ਨੂੰ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਤੋਂ ਜਾਣੂ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਵਿਕਾਸ ਪੱਖੋਂ ਪੰਜਾਬ ਭਰ 'ਚੋਂ ਮੋਹਰੀ ਬਨਾਉਣ ਦੇ ਲਏ ਸੁਪਨੇ ਨੂੰ ਸਾਕਾਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।ਮੀਟਿੰਗ ਦੌਰਾਨ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਨਗਰ ਕੌਂਸਲ ਨਾਭਾ ਦੇ ਪ੍ਰਧਾਨ ਸ੍ਰੀ ਰਜਨੀਸ਼ ਮਿੱਤਲ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰੀ ਨਰਿੰਦਰ ਕੁਮਾਰ, ਸ੍ਰੀ ਬਹਾਦਰ ਖਾਨ, ਸ੍ਰੀ ਨਰੇਸ਼ ਦੁੱਗਲ, ਸ੍ਰੀ ਬਲਵਿੰਦਰ ਪਾਲ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੈ, ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀਮਤੀ ਪੂਨਮਦੀਪ ਕੌਰ, ਐਸ.ਪੀ. ਸ੍ਰੀ ਸਤਬੀਰ ਸਿੰਘ ਅਠਵਾਲ, ਐਸ.ਡੀ.ਐਮ. ਦੁੱਧਨ ਸਾਧਾਂ ਸ੍ਰੀ ਅਜੇ ਅਰੋੜਾ, ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਰਾਜਪੁਰਾ ਸ੍ਰੀ ਰਜਨੀਸ਼ ਕੁਮਾਰ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ. ਇਨਾਇਤ, ਸੰਯੁਕਤ ਕਮਿਸ਼ਨਰ ਨਗਰ ਨਿਗਮ ਮਿਸ. ਹਰਕੀਰਤ ਕੌਰ ਸਮੇਤ ਹੋਰ ਵਿਭਾਗਾਂ ਦੇ ਮੁਖੀ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।