ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਅਗਸਤ ਮਹੀਨੇ ਤੋਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਆਪਣੇ ਸ਼ਾਨਦਾਰ ਸਿਖਰਾਂ ਵੱਲ ਪਰਤ ਰਹੀਆਂ ਹਨ। ਗਰਮ ਰੁੱਤ ਦੀਆਂ ਇਨ੍ਹਾਂ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਸੀਂਗੋ ਦੀ ਵਰਗ 14 ਸਾਲਾਂ ਫੁੱਟਬਾਲ ਦੀ ਟੀਮ (ਲੜਕੀਆਂ) ਨੇ ਜਿਲ੍ਹੇ ਵਿੱਚੋਂ ਸ਼ਾਨਦਾਰ ਅਵੱਲ ਸਥਾਨ ਹਾਸਲ ਕਰਨ ਬਾਆਦ ਮਿਤੀ 31 ਅਕਤੂਬਰ ਤੋਂ 2 ਨਵੰਬਰ ਤੱਕ ਚੱਲੇ ਅੰਤਰ ਜਿਲਾ ਫੁੱਟਬਾਲ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਸਖਤ ਮੁਕਾਬਲਿਆਂ ਵਿੱਚੋਂ ਗੁਜਰਦਿਆਂ ਬਰਨਾਲਾ ਜਿਲੇ ਨੂੰ 5-6 ਦੇ ਗੋਲ ਸਕੋਰਾਂ ਨਾਲ ਪਛਾੜਕੇ ਤੀਸਰਾ ਸਥਾਨ ਹਾਸਲ ਕੀਤਾ। ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਵਿੱਚ ਇਸ ਪ੍ਰਾਪਤੀ ਨਾਲ ਸੀਂਗੋ ਪਿੰਡ ਅਤੇ ਸਰਕਾਰੀ ਹਾਈ ਸਕੂਲ ਸੀਂਗੋ ਦਾ ਨਾਮ ਰੌਸ਼ਨ ਕਰਨ ਬਦਲੇ ਅਧਿਆਪਕਾਂ, ਪਿੰਡ ਵਾਸੀਆਂ ਨੇ ਖਿਡਾਰੀਆਂ, ਕੋਚ ਅਤੇ ਪੀਟੀਆਈ ਅਧਿਆਪਕ ਕਰਨੀ ਸਿੰਘ ਦਾ ਗਲ ਵਿੱਚ ਹਾਰ ਪਾਕੇ ਬੱਸ ਸਟੈਂਡ ਤੋਂ ਲੈਕੇ ਸਕੂਲ ਵਿੱਚ ਪਹੁੰਚਣ ਤੱਕ ਢੋਲ ਵਜਾ ਕੇ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ। ਇਸ ਸਮੇਂ ਟੀਮ ਇੰਚਾਰਜ ਕਰਨੀ ਸਿੰਘ ਨੇ ਦੱਸਦਿਆਂ ਕਿਹਾ ਕਿ ਸਾਡੀ ਟੀਮ ਨੇ ਲਗਾਤਾਰ ਤਿੰਨ ਦਿਨਾਂ ਵਿੱਚ ਰੋਪੜ, ਫਰੀਦਕੋਟ, ਮੋਗਾ ਅਤੇ ਬਰਨਾਲਾ ਜਿਲੇ ਨੂੰ ਹਰਾਕੇ ਜਿੱਤਾਂ ਦਰਜ ਕੀਤੀਆਂ ਅਤੇ ਲਗਾਤਾਰ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਟੀਮਾਂ ਜਿਲਾ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਨੂੰ ਜਬਰਦਸਤ ਟੱਕਰ ਦਿੱਤੀ। ਉਨ੍ਹਾਂ ਹੋਰ ਵੀ ਦੱਸਿਆ ਕਿ ਬਠਿੰਡਾ ਜਿਲੇ ਵਜੋਂ ਸਾਡੀ ਟੀਮ ਨੇ ਭਾਗ ਲੈ ਕੇ ਸੱਤ ਮੈਚ ਖੇਡੇ ਜਿਸ ਨਾਲ ਸਾਡੇ ਖਿਡਾਰੀਆਂ ਦਾ ਤਜਰਬਾ ਅਤੇ ਹੌਂਸਲਾ ਵਧਿਆ ਹੈ। ਉਹਨਾਂ ਕਿਹਾ ਕਿ ਅਗਲੇ ਸਾਲ ਦੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਵੀ ਸਾਡੀ ਸ਼ਾਨਦਾਰ ਪ੍ਰਾਪਤੀ ਹੋਵੇਗੀ। ਇਸ ਸਮੇਂ ਉਨ੍ਹਾਂ ਨਾਲ ਸਕੂਲ ਮੂਖੀ ਭਗਵਾਨ ਸਿੰਘ, ਅਧਿਆਪਕ ਮਲਕੀਤ ਸਿੰਘ, ਵਕੀਲ ਸਿੰਘ, ਪੰਕਜ ਸ਼ਰਮਾ, ਕੁਲਵਿੰਦਰ ਗਾਟਵਾਲੀ, ਮੈਡਮ ਸੋਨੀਆਂ ਸ਼ਰਮਾ, ਮੈਡਮ ਸਤਕਾਰਜੀਤ ਕੌਰ, ਸੀ. ਐੱਚ. ਟੀ. ਰਮਨ ਕੌਰ, ਹਾਕਮ ਸਿੰਘ, ਜਸਵੰਤ ਕੌਰ, ਮਨਪ੍ਰੀਤ ਕੌਰ, ਗੁਰਜੀਤ ਸਿੰਘ, ਸਰਬਜੀਤ ਕੌਰ, ਅਮਨਦੀਪ ਕੌਰ, ਸਕੂਲ ਕਮੇਟੀ ਪ੍ਰਧਾਨ ਭੋਲਾ ਸਿੰਘ ਅਤੇ ਖਿਡਾਰੀਆਂ ਦੇ ਮਾਪੇ ਹਾਜਰ ਸਨ।