ਗੁਰੂ ਨਾਨਕ ਨੈਸ਼ਨਲ ਕਾਲਜ ਵਿੱਖੇ 48ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ
- ਪੰਜਾਬ
- 22 Feb,2025

ਦੋਰਾਹਾ (ਅਮਰੀਸ਼ ਆਨੰਦ)ਗੁਰੂ ਨਾਨਕ ਨੈਸ਼ਨਲ ਕਾਲਜ ਦੀ 48ਵੀਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕਾਲਜ ਦੇ ਗੁਰੂ ਨਾਨਕ ਸਟੇਡੀਅਮ ਵਿਚ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਖੇਡ-ਸਮਾਰੋਹ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਇਰੈਕਟਰ ਆਫ਼ ਸਪੋਰਟਸ ਡਾ. ਰਾਕੇਸ਼ ਮਲਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਰਨਲ ਰੁਪਿੰਦਰ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਜਰਨਲ ਸਕੱਤਰ ਸ. ਪਵਿੱਤਰਪਾਲ ਸਿੰਘ ਪਾਂਗਲੀ, ਐਗਜ਼ੀਕਿਊਟਿਵ ਮੈਂਬਰ ਸ਼੍ਰੀ ਸ਼ਿਵ ਕੁਮਾਰ ਸੋਨੀ, ਸ. ਨਵਨੀਤ ਸਿੰਘ ਮਾਂਗਟ, ਸ. ਰਵਿੰਦਰ ਸਿੰਘ ਮਲਹਾਂਸ, ਸ. ਜੋਗਿੰਦਰ ਸਿੰਘ ਓਬਰਾਏ ਅਤੇ ਸ. ਭੁਪਿੰਦਰ ਸਿੰਘ ਓਬਰਾਏ ਉਚੇਚੇ ਤੌਰ ’ਤੇ ਇਸ ਖੇਡ ਸਮਾਰੋਹ ਵਿੱਚ ਸ਼ਾਮਿਲ ਹੋਏ। ਸਮਾਰੋਹ ਦੇ ਆਰੰਭ ਵਿਚ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਮੁੱਖ ਮਹਿਮਾਨ, ਇਲਾਕੇ ਭਰ ’ਚੋਂ ਆਏ ਖੇਡ‑ਪ੍ਰੇਮੀਆਂ, ਖਿਡਾਰੀਆਂ ਅਤੇ ਦਰਸ਼ਕਾਂ ਨੂੰ ‘ਜੀ ਆਇਆਂ ਨੂੰ’ ਕਿਹਾ। ਇਸ ਉਪਰੰਤ ਕਾਲਜ ਦੇ ਐਨ. ਸੀ. ਸੀ. ਕੈਡਿਟਾਂ, ਐਨ. ਐਸ. ਐਸ. ਵਲੰਟੀਅਰਾਂ, ਸਰੀਰਕ ਸਿੱਖਿਆ ਵਿਭਾਗ ਦੇ ਖਿਡਾਰੀ ਵਿਦਿਆਰਥੀਆਂ ਅਤੇ ਵੱਖ‑ਵੱਖ ਕਲਾਸਾਂ ਦੇ ਹੋਰ ਵਿਦਿਆਰਥੀਆਂ ਨੇ ਮਾਰਚ-ਪਾਸਟ ਵਿਚ ਹਿੱਸਾ ਲਿਆ। ਇਸ ਵਿੱਦਿਅਕ ਵਰ੍ਹੇ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਜੇਤੂ ਰਹੇ ਕਾਲਜ ਖਿਡਾਰੀਆਂ ਨੇ ਮਸ਼ਾਲ ਬਾਲਣ ਦੀ ਰਸਮ ਅਦਾ ਕੀਤੀ। ਐਥਲੈਟਿਕ ਮੀਟ ਦੇ ਆਰੰਭ ਵਿੱਚ ਜੱਜਾਂ ਅਤੇ ਖਿਡਾਰੀਆਂ ਵਲੋਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਨਤੀਜੇ ਐਲਾਨਣ ਵਿੱਚ ਸੱਚੀ‑ਸੁੱਚੀ ਖੇਡ ਭਾਵਨਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਗਈ। ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਕਾਲਜ ਪ੍ਰਿੰਸੀਪਲ ਅਤੇ ਡੀਨ ਆਫ਼ ਸਪੋਰਟਸ ਨੇ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਜੋਸ਼, ਸ਼ਾਂਤੀ ਤੇ ਪਵਿੱਤਰਤਾ ਦੇ ਪ੍ਰਤੀਕ ਗ਼ੁਬਾਰੇ ਉਡਾਏ ਗਏ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਨਿਰਲੇਪ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ।ਖੇਡ ਸਮਾਰੋਹ ਦੇ ਆਰੰਭ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਆਪਣੇ ਉਦਘਾਟਨੀ ਭਾਸ਼ਣ ਵਿਚ ਮੁੱਖ ਮਹਿਮਾਨ ਡਾ. ਰਾਕੇਸ਼ ਮਲਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ‑ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਅਤੇ ਖੇਡਾਂ ਦੇ ਖੇਤਰ ਵਿੱਚ ਕਿੱਤਾਮੁਖੀ ਸੰਭਾਵਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਰੀ ਦਿੱਤੀ। ਵਿਸ਼ੇਸ਼ ਮਹਿਮਾਨ ਕਰਨਲ ਰੁਪਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨਾਲ਼ ਆਪਣੇ ਵਿਚਾਰ ਸਾਂਝੇ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਤੇ ਪੜ੍ਹਾਈ ਵਿੱਚ ਬਰਾਬਰ ਭਾਗੀਦਾਰੀ ਲਈ ਪ੍ਰਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ. ਪਵਿੱਤਰਪਾਲ ਸਿੰਘ ਪਾਂਗਲੀ ਨੇ ਇਸ ਖੇਡ ਸਮਾਰੋਹ ਵਿੱਚ ਪਹੁੰਚੇ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਧੰਨਵਾਦ ਕੀਤਾ। ਇਸ ਖੇਡ ਸਮਾਰੋਹ ਦੇ ਪ੍ਰਬੰਧਕੀ ਸਕੱਤਰ ਡਾ. ਨਿਰਲੇਪ ਕੌਰ ਅਤੇ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਹਨਾਂ ਖੇਡ ਮੁਕਾਬਲਿਆਂ ਵਿੱਚ 800 ਮੀ. ਲੜਕਿਆਂ ਦੀ ਦੌੜ ਵਿੱਚ ਗੁਰਸਿਮਰਨ ਸਿੰਘ ਨੇ ਪਹਿਲਾ, ਰਵੀ ਪ੍ਰਸਾਦ ਨੇ ਦੂਜਾ ਅਤੇ ਰਾਜਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 800 ਮੀ. ਲੜਕੀਆਂ ਦੀ ਦੌੜ ਵਿੱਚ ਕਰਮਜੀਤ ਕੌਰ, ਰਾਜਵੀਰ ਕੌਰ ਅਤੇ ਰੂਮਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ 200 ਮੀ. ਦੌੜ ਵਿੱਚ ਰਿਯਾ, ਮਨਮੀਤ ਕੌਰ ਅਤੇ ਕਰਮਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ 400 ਮੀ. ਦੋੜ ਵਿੱਚ ਸ਼ਿਵਮ ਕੁਮਾਰ ਪਾਂਡੇ ਪਹਿਲੇ, ਗੁਰਸਿਮਰਨ ਸਿੰਘ ਦੂਜੇ ਅਤੇ ਸ਼ੁਭਮਪਾਲ ਤੀਜੇ ਸਥਾਨ ’ਤੇ ਰਿਹਾ। ਲੜਕਿਆਂ ਦੇ ਲੰਬੀ ਛਾਲ਼ ਦੇ ਮੁਕਾਬਲਿਆਂ ਵਿੱਚ ਦਕਸ਼ ਨੇ ਪਹਿਲਾ, ਗੁਰਸਿਮਰਨ ਸਿੰਘ ਨੇ ਦੂਜਾ ਅਤੇ ਸ਼ੁਭਮਪਾਲ ਨੇ ਤੀਸਰਾ ਇਨਾਮ ਹਾਸਿਲ ਕੀਤਾ। ਲੜਕੀਆਂ ਦੀ ਲੰਬੀ ਛਾਲ਼ ਵਿੱਚ ਕ੍ਰਿਸ਼ਮਾ ਪਟੇਲ ਨੇ ਪਹਿਲਾ, ਕਰਮਜੀਤ ਕੌਰ ਨੇ ਦੂਜਾ ਅਤੇ ਰੂਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਸ਼ਾਟ ਪੁੱਟ ਮੁਕਾਬਲਿਆਂ ਵਿੱਚ ਖਿਡਾਰਨ ਵਿਦਿਆਰਥਣਾਂ ਸਿਮਰਨਜੋਤ ਕੌਰ ਪਹਿਲੇ, ਨਵਨੀਤ ਕੌਰ ਦੂਜੇ ਅਤੇ ਚਾਹਤ ਤੀਜੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਲੜਕਿਆਂ ਦੇ ਗੋਲ਼ਾ ਸੁੱਟਣ ਦੇ ਮੁਕਾਬਲੇ ਵਿੱਚ ਸ਼ਰੀਫ਼ ਖ਼ਾਨ, ਹਰਮਨਦੀਪ ਸਿੰਘ ਅਤੇ ਮਨਕਰਨ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ। ਲੜਕੀਆਂ ਦੀ ਇੱਕ ਕਿਲੋਮੀਟਰ ਵਾਕ ਵਿੱਚ ਮੁਸਕਾਨ ਭਾਟੀਆ ਨੇ ਪਹਿਲਾ, ਦੀਯਾ ਨੇ ਦੂਸਰਾ ਅਤੇ ਗੁਰਵੀਰ ਕੌਰ ਤੇ ਸ਼ੁਭਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਜੈਵਲਿਨ ਥਰੋ, ਉੱਚੀ ਛਾਲ, ਤਿੰਨ ਟੰਗੀ ਦੌੜ ਅਤੇ ਰੱਸਾ-ਕਸ਼ੀ ਵਰਗੇ ਆਕਰਸ਼ਕ ਮੁਕਾਬਲੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੇ। ਇਹਨਾਂ ਮੁਕਾਬਲਿਆਂ ਵਿੱਚ ਲੜਕਿਆਂ ਵਿਚੋਂ ਗੁਰਸਿਮਰਨ ਸਿੰਘ ਬੀ. ਏ. ਭਾਗ ਪਹਿਲਾ ਅਤੇ ਲੜਕੀਆਂ ਵਿੱਚੋਂ ਕਰਮਜੀਤ ਕੌਰ ਬੀ. ਏ. ਭਾਗ ਦੂਜਾ ਨੂੰ ਸਰਬੋਤਮ ਐਥਲੀਟ ਐਲਾਨਿਆ ਗਿਆ। ਮੰਚ ਸੰਚਾਲਨ ਦੀ ਕਾਰਵਾਈ ਡਾ. ਲਵਲੀਨ ਬੈਂਸ. ਪ੍ਰੋ. ਜਗਰੂਪ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਈ।ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਲਾਹਕਾਰ ਡਾ. ਨਰਿੰਦਰ ਸਿੰਘ ਸਿੱਧੂ, ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ, ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਡੀ. ਐੱਸ. ਗੁਸਾਈਂ, ਦੋਰਾਹਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਲਵਲੀਨ ਕੌਰ, ਪ੍ਰੋ. ਗਗਨਦੀਪ ਸਿੰਘ, ਸ. ਚਰਨਜੀਤ ਸਿੰਘ, ਐਡਵੋਕੇਟ ਅਭਯ ਬੈਕਟਰ, ਪ੍ਰੋ. ਐੱਮ. ਐੱਸ. ਭੰਡਾਰੀ, ਸ਼੍ਰੀ ਸੁਖਪਾਲ ਸਿੰਘ ਧਾਰਨੀ, ਸ਼੍ਰੀ ਹਰਜਿੰਦਰ ਸਿੰਘ ਲੋਪੋਂ, ਸ਼੍ਰੀ ਰਾਜਵੀਰ ਸਿੰਘ, ਸ਼੍ਰੀ ਰਾਜਕੁਮਾਰ ਚੌਧਰੀ ਅਤੇ ਸ਼੍ਰੀ ਸੁਖਵਿੰਦਰ ਸਿੰਘ ਗਰੇਵਾਲ ਉਚੇਚੇ ਤੌਰ ’ਤੇ ਇਸ ਖੇਡ ਸਮਾਰੋਹ ਵਿੱਚ ਸ਼ਾਮਿਲ ਹੋਏ।ਇਸ ਖੇਡ ਸਮਾਰੋਹ ਦੇ ਸਫਲਤਾਪੂਰਵਕ ਆਯੋਜਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।
Posted By:

Leave a Reply