ਸਾਹਿੱਤ ਸਭਾ ਧੂਰੀ ਵੱਲੋਂ ਵੱਖ-ਵੱਖ ਪੁਰਸਕਾਰ ਦੇਣ ਦਾ ਐਲਾਨ
- ਪੰਜਾਬ
- 21 Jan,2020
ਧੂਰੀ, 20 ਜਨਵਰੀ (ਮਹੇਸ਼ ਜਿੰਦਲ) - ਸਾਹਿੱਤ ਸਭਾ ਧੂਰੀ ਵੱਲੋਂ ਲੋਹੜੀ ਨੂੰ ਸਮਰਪਿਤ ਸਾਹਿੱਤਿਕ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ, ਪਿ੍ਰੰਸੀਪਲ ਕਿਰਪਾਲ ਸਿੰਘ ਜਵੰਧਾ ਅਤੇ ਸੁਰਿੰਦਰ ਸ਼ਰਮਾ ਨੇ ਕੀਤੀ। ਸ਼ੁਰੂ ’ਚ ਪਿ੍ਰੰਸੀਪਲ ਪ੍ਰੇਮ ਸਿੰਘ ਬਜਾਜ ਅਤੇ ਲੇਖਕ, ਆਲੋਚਕ ਤੇ ਨਾਟਕਕਾਰ ਡਾ. ਸੁਰਜੀਤ ਸਿੰਘ ਹਾਂਸ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਵੱਲੋਂ ਆਗਾਮੀ ਅਪ੍ਰੈਲ ’ਚ ਕਰਵਾਏ ਜਾਣ ਵਾਲੇ ਸਾਲਾਨਾ ਇਜਲਾਸ ਵਿਚ ਮਹਿੰਦਰ ਸਿੰਘ ਮਾਨਵ ਸਾਹਿੱਤ ਆਚਾਰੀਆ ਪੁਰਸਕਾਰ ਪ੍ਰਸਿੱਧ ਆਲੋਚਕ ਅਤੇ ਕਵੀ ਪ੍ਰੋ: ਸੰਧੂ ਵਰਿਆਣਵੀ ਨੂੰ, ਪੰਜਾਬ ਦਾ ਮਾਣ ਪੁਰਸਕਾਰ ਪ੍ਰਸਿੱਧ ਤਕਨੀਕੀ ਮਾਹਿਰ ਜੈ ਸਿੰਘ ਮਡਾਹੜ ਨੂੰ, ਵਿਸ਼ੇਸ਼ ਵਿਧਾ ਪੁਰਸਕਾਰ ਉੱਘੇ ਪੱਤਰਕਾਰ ਚਰਨਜੀਤ ਸਿੰਘ ਬਠਿੰਡਾ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਸਭਾ ਵੱਲੋਂ ਜਗਦੇਵ ਸ਼ਰਮਾ ਦੇ ਕਾਵਿ ਸੰਗ੍ਰਹਿ ‘ਗੁਫ਼ਤਗੂ ਬਾਕੀ ਹੈ’ ਦੇ ਲੋਕ ਅਰਪਣ ਅਤੇ ਚਿੰਤਨ ਮੰਥਨ ਲਈ ਸਮਾਗਮ 2 ਫਰਵਰੀ ਨੂੰ ਮਾਲਵਾ ਖ਼ਾਲਸਾ ਸਕੂਲ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਪੁਸਤਕ ਉੱਪਰ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਅਤੇ ਨਵਿੰਦਰ ਪੰਧੇਰ ਆਪਣੇ ਪੇਪਰ ਪੜਨਗੇ। ਉੱਘੇ ਲੋਕ ਕਵੀ ਭੁਪਿੰਦਰ ਜਗਰਾਉਂ ਨਾਲ ਰੂਬਰੂ ਕੀਤਾ ਜਾਵੇਗਾ। ਉੱਘੇ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਨੂੰ ਲੈ ਕੇ ਕੀਤੇ ਜਾ ਰਹੇ ਫ਼ਿਰਕੂ ਪ੍ਰਚਾਰ ਦੀ ਨਿੰਦਿਆ ਕਰਦਿਆਂ ਪੰਜਾਬੀ ਲੋਕਾਂ ਅਤੇ ਲੇਖਕਾਂ ਨੂੰ ਦੇਸ਼ ਦੇ ਧਰਮ ਨਿਰਪੱਖ, ਸਾਂਝੀ ਵਾਲਤਾ ਅਤੇ ਜਮਹੂਰੀ ਕਦਰਾਂ ਕੀਮਤਾਂ ਉੱਪਰ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਿਆ ਕਰਨ ਦੀ ਅਪੀਲ ਕਰਦਿਆਂ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਵਿਚ ਮਿਲੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਡਟਣ ਲਈ ਕਿਹਾ। ਸਰਕਾਰ ਤੋਂ ਇਹ ਮੰਗ ਕੀਤੀ ਕਿ ਪੱਖਪਾਤੀ ਸੀ.ਏ.ਏ. ਕਾਨੂੰਨ ਰੱਦ ਕੀਤਾ ਜਾਵੇ। ਉਪਰੰਤ ਲੋਹੜੀ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ।