ਪਟਿਆਲਾ, 27 ਸਤੰਬਰ(ਪੀ.ਐਸ.ਗਰੇਵਾਲ) ਬੈਂਕ ਦੇ ਪ੍ਰੀ ਪੇਡ ਏ.ਟੀ.ਐਮ. ਕਾਰਡਾਂ ਨਾਲ ਛੇੜਛਾੜ ਕਰਕੇ ਕਾਰਡਾਂ ਦੀ ਲਿਮਟ ਤੋਂ ਵੱਧ 1 ਕਰੋੜ 22 ਲੱਖ ਰੁਪਏ ਕਢਵਾਕੇ ਬੈਂਕ ਨਾਲ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਠੱਗੀ ਦੇ ਪੈਸੇ ਨਾਲ ਖਰੀਦੇ ਸੋਨੇ, ਕਾਰ ਅਤੇ ਐਕਟਿਵਾ ਸਮੇਤ ਪਟਿਆਲਾ ਪੁਲਿਸ ਨੇ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਨ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਪ੍ਰੀ.ਪੇਡ ਏ.ਟੀ.ਐਮ. ਕਾਰਡਾਂ ਨਾਲ ਛੇੜਛਾੜ ਕਰਕੇ 1 ਕਰੋੜ 22 ਲੱਖ ਰੁਪਏ ਦੀ ਠੱਗੀ ਦੇ ਕੇਸ ’ਚ ਪਟਿਆਲਾ ਪੁਲਿਸ ਨੇ ਕੁਲਦੀਪ ਕੌਰ, ਅਮਰਜੀਤ ਸਿੰਘ, ਗੁਰਲਾਲ ਸਿੰਘ ਉਰਫ ਲਾਲ, ਨਰਿੰਦਰ ਕੌਰ ਅਤੇ ਕਰਮਜੀਤ ਸਿੰਘ ਉਰਫ਼ ਸੋਨੂੰ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 210 ਮਿਤੀ 25-9-19 ਅ/ਧ 420, 465, 467, 468, 471, 120-ਬੀ ਆਈ.ਪੀ.ਸੀ. ਥਾਣਾ ਤਿ੍ਰਪੜੀ ਦਰਜ਼ ਕੀਤਾ ਹੈ। ਉਨਾਂ ਦੱਸਿਆ ਕਿ ਬੈਂਕ ਨਾਲ ਸਵਾ ਕਰੋੜ ਦੀ ਠੱਗੀ ਕਰਨ ਵਾਲਿਆਂ ਵਿਚ ਕੋਈ ਵੀ ਵਿਅਕਤੀ ਆਈ.ਟੀ. ਮਾਹਰ ਨਹੀ ਹੈ ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਮੁਕੱਦਮੇ ਸਬੰਧੀ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਇੰਚਾਰਜ ਸਾਈਬਰ ਸੈਲ, ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਮੁੱਖ ਅਫਸਰ ਥਾਣਾ ਤਿ੍ਰਪੜੀ ਦੀ ਇਕ ਟੀਮ ਦਾ ਗਠਨ ਕੀਤਾ ਗਿਆ। ਜਿਨਾਂ ਉਕਤ ਮੁਕੱਦਮੇ ਵਿੱਚ ਦੋਸ਼ੀ ਕੁਲਦੀਪ ਕੌਰ, ਅਮਰਜੀਤ ਸਿੰਘ, ਗੁਰਲਾਲ ਸਿੰਘ ਉਰਫ ਲਾਲ ਨੂੰ ਗੱਡੀ ਬੋਲੈਰੋ ਕਾਰ ਸਮੇਤ ਸਿਉਨਾ ਚੌਕ ਤੋ ਅਤੇ ਦੋਸ਼ੀ ਨਰਿੰਦਰ ਕੌਰ ਅਤੇ ਇਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਨੂੰ ਉਹਨਾਂ ਦੇ ਘਰ ਰਣਜੀਤ ਨਗਰ ਪਟਿਆਲਾ ਤੋਂ ਗਿ੍ਰਫਤਾਰ ਕੀਤਾ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਕੁਲਦੀਪ ਕੌਰ, ਅਮਰਜੀਤ ਸਿੰਘ ਅਤੇ ਇਹਨਾਂ ਦੇ ਲੜਕੇ ਗੁਰਲਾਲ ਸਿੰਘ ਉਰਫ ਲਾਲ ਪਾਸੋ ਕਰੀਬ 325 ਗ੍ਰਾਮ ਸੋਨੇ ਦੇ ਗਹਿਣੇ, ਇਕ ਨਵੀ ਬੋਲੈਰੋ ਕਾਰ, ਇਕ ਹਾਡਾਂ ਐਕਟਿਵਾ ਅਤੇ ਨਰਿੰਦਰ ਕੌਰ ਅਤੇ ਇਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਪਾਸੋ ਘਰ ਦੇ ਸਟੋਰ ਵਿੱਚ ਦੱਬੇ ਹੋਏ ਕਰੀਬ ਅੱਧਾ ਕਿੱਲੋ ਸੋਨੇ ਦੇ ਗਹਿਣੇ ਬਰਾਮਦ ਕਰਵਾਏ ਗਏ ਹਨ। ਇਸ ਤੋ ਇਲਾਵਾ ਦੋਸੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਨਾਂ ਵੱਲੋ ਕਾਫੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਹੋਰ ਬੈਂਕਾਂ ਵਿੱਚ ਰੱਖਕੇ ਲੋਨ ਲਿਆ ਹੋਇਆ ਅਤੇ ਲੋਨ ਤੇ ਲਿਆ ਪੈਸਾ ਇਹਨਾਂ ਦੇ ਵੱਖ ਵੱਖ ਬੈਂਕ ਖਾਤਿਆਂ ਵਿੱਚ ਜਮਾਂ ਹੈ। ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਇੰਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਸ ਵਿੱਚ ਜੇਕਰ ਸਬੰਧਤ ਬੈਕ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਬੰਧਤ ਪੈਟਰੋਲ ਪੰਪਾਂ, ਜਿੱਥੋ ਕਾਫੀ ਰਕਮ ਦਾ ਪੈਟਰੋਲ/ਡੀਜਲ ਪਾਇਆ ਜਾਂਦਾ ਰਿਹਾ ਹੈ, ਦੀ ਕਿਸੇ ਤਰਾਂ ਦੀ ਸਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਹੈਡਕੁਆਟਰ ਸ੍ਰੀ ਨਵਨੀਤ ਸਿੰਘ ਬੈਸ, ਐਸ.ਪੀ. ਟਰੈਫਿਕ ਸ੍ਰੀ ਪਲਵਿੰਦਰ ਸਿੰਘ ਚੀਮਾਂ, ਐਸ.ਪੀ.ਡੀ. ਹਰਮੀਤ ਸਿੰਘ ਹੁੰਦਲ ਵੀ ਹਾਜ਼ਰ ਸਨ।