ਕੋਝੀ ਚਾਲ : ਖੇਤੀ ਲਾਹੇ ਦਾ ਧੰਦਾ ਨਹੀਂ!

ਕੋਝੀ ਚਾਲ : ਖੇਤੀ ਲਾਹੇ ਦਾ ਧੰਦਾ ਨਹੀਂ!

ਅੱਜ ਪੰਜਾਬੀ ਨੂੰ ਸਿਰਫ ਖੇਤੀ ਨਾਲੋਂ ਨਹੀਂ, ਆਪਣੇ ਵਿਰਸੇ ਨਾਲੋਂ, ਆਪਣੀ ਭਾਸ਼ਾ ਨਾਲੋਂ ਅਤੇ ਆਪਣੀ ਧਰਤੀ ਨਾਲੋਂ ਤੋੜਿਆ ਜਾ ਰਿਹਾ ਹੈ। ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ "ਖੇਤੀ ਲਾਹੇ ਦਾ ਧੰਦਾ ਨਹੀਂ।" ਇਹ ਬਿਰਤਾਂਤ ਸਰਕਾਰਾਂ ਅਤੇ ਮੰਡੀ ਦੀਆਂ ਤਾਕਤਾਂ ਨੇ ਸਿਰਜਿਆ ਹੈ, ਤਾਂ ਜੋ ਪੰਜਾਬੀ ਆਪਣੇ ਖੇਤ ਤੋਂ ਟੁੱਟ ਜਾਵੇ।

ਪਰ ਇਹ ਉਹੀ ਪੰਜਾਬ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ "ਉੱਤਮ ਖੇਤੀ, ਮੱਧਮ ਵਪਾਰ, ਨਿਖਿੱਧ ਚਾਕਰੀ" ਦਾ ਸੰਕਲਪ ਦਿੱਤਾ। ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹੇ ਕਰਤਾਰਪੁਰ ਸਾਹਿਬ ਵਿਖੇ ਖੇਤੀ ਕਰਕੇ ਦੱਸਿਆ ਕਿ ਖੇਤੀ ਸਿਰਫ ਢਿੱਡ ਭਰਨ ਦਾ ਕਿੱਤਾ ਨਹੀਂ, ਇਹ ਰੱਬ ਨਾਲ ਜੁੜਨ ਦਾ ਰਾਹ ਹੈ। ਜਦੋਂ ਕਿਸਾਨ ਖੇਤ ਵਿੱਚ ਬੀਜ ਬੀਜਦਾ ਹੈ, ਉਹ ਕੁਦਰਤ ਨਾਲ ਇੱਕ-ਮਿਕ ਹੁੰਦਾ ਹੈ। ਉਹ ਧਰਤੀ ਦੀ ਹਿੱਕ ਚੀਰਦਾ ਹੈ, ਉਸ ਵਿੱਚ ਬੀਜ ਪਾਉਂਦਾ ਹੈ, ਅਤੇ ਪ੍ਰਭੂ ਦੀ ਮਿਹਰ ਨਾਲ ਉਸ ਬੀਜ ਦਾ ਫਲ ਉਸਨੂੰ ਮਿਲਦਾ ਹੈ। ਇਹੀ ਤਾਂ ਕਿਰਤ ਹੈ ਤੇ ਭੂਮੀ ਤੇ ਪ੍ਰਭੂ ਨਾਲ ਇੱਕ ਮਿਕ ਹੋਣ ਦਾ ਰਸਤਾ ਹੈ।

ਅੱਜ ਅਸੀਂ ਉਸੇ ਧਰਤੀ ਤੋਂ ਦੂਰ ਹੋ ਗਏ ਹਾਂ। ਅਸੀਂ ਖੇਤਾਂ ਦੀ ਥਾਂ ਇੰਟਰਨੈੱਟ ਦੀ ਦੁਨੀਆ ਵਿੱਚ ਵਿਚਰ ਰਹੇ ਹਾਂ। ਨਤੀਜਾ ਸਾਡੇ ਸਾਹਮਣੇ ਹੈ - ਨਾ ਸਾਨੂੰ ਸ਼ੁੱਧ ਹਵਾ, ਨਾ ਸ਼ੁੱਧ ਖਾਣਾ, ਅਤੇ ਨਾ ਹੀ ਸ਼ੁੱਧ ਵਾਤਾਵਰਨ। ਜ਼ਹਿਰੀਲੀ ਹਵਾ, ਜ਼ਹਿਰੀਲਾ ਪਾਣੀ ਅਤੇ ਜ਼ਹਿਰੀਲੀ ਸੋਚ - ਇਹ ਸਭ ਧਰਤੀ ਤੋਂ ਟੁੱਟਣ ਦਾ ਹੀ ਨਤੀਜਾ ਹੈ ਤੇ ਖੇਤਾਂ ਤੋਂ ਸਿਰਜੀ ਗਈ ਦੂਰੀ ਦਾ ਨਤੀਜਾ ਹੈ।

ਇਹ ਕੋਝਾ ਬਿਰਤਾਂਤ ਅੱਜ ਪੰਜਾਬੀ ਨੂੰ ਆਪਣੇ ਖਿੱਤੇ, ਆਪਣੀ ਭਾਸ਼ਾ, ਤੇ ਆਪਣੇ ਦੇਸ਼ ਤੋਂ ਬੇਮੁਖ ਕਰ ਰਿਹਾ ਹੈ। ਜਦੋਂ ਬੱਚਾ ਖੇਤ ਵਿੱਚ ਨਹੀਂ ਜਾਵੇਗਾ ਤਾਂ ਉਹ ਆਪਣੀ ਭੂਮੀ, ਆਪਣੇ ਵਿਰਸੇ, ਆਪਣੀ ਭਾਸ਼ਾ ਨੂੰ ਕਿਵੇਂ ਸਿੱਖੇਗਾ? ਜਦੋਂ ਮਾਂ-ਬੋਲੀ ਖੇਤਾਂ ਵਿੱਚੋਂ ਨਿਕਲੀ ਸੀ, ਉਹ ਮੋਬਾਈਲ ਦੀ ਅੰਗਰੇਜ਼ੀ ਵਿੱਚ ਕਿਵੇਂ ਬਚੇਗੀ?

ਇਸੇ ਦੁਚਿੱਤੀ ਵਿੱਚ ਅੱਜ ਦਾ ਨੌਜਵਾਨ ਫਸਿਆ ਹੋਇਆ ਹੈ - ਉਹ ਸੋਚਦਾ ਹੈ ਕਿ ਉਹ ਕਿਹੜੇ ਪਾਸੇ ਜਾਵੇ? ਉਸਨੂੰ ਆਪਣੇ ਖੇਤ ਵਿੱਚ ਭਵਿੱਖ ਨਹੀਂ ਦਿਸਦਾ, ਅਤੇ ਸ਼ਹਿਰ ਵਿੱਚ ਮਾਣ ਨਹੀਂ ਮਿਲਦਾ। ਇਸੇ ਦੁਚਿੱਤੀ ਵਿੱਚੋਂ ਹੀ ਪ੍ਰਵਾਸ ਦਾ ਦੁਖਾਂਤ ਨਿਕਲਿਆ ਹੈ। ਬਾਹਰ ਜਾਣਾ ਉਸਦੀ ਖਾਹਿਸ਼ ਨਹੀਂ, ਇਹ ਉਸਦੀ ਮਜ਼ਬੂਰੀ ਬਣ ਗਈ ਹੈ, ਕਿਉਂਕਿ ਉਸਨੂੰ ਆਪਣੀ ਹੀ ਧਰਤੀ ਤੇ ਪਰਾਇਆ ਕਰ ਦਿੱਤਾ ਗਿਆ।

ਮੁੜਨਾ ਪਵੇਗਾ ਗੁਰੂ ਦੇ ਬਚਨ ਵੱਲ, ਮੁੜਨਾ ਪਵੇਗਾ ਆਪਣੀ ਧਰਤੀ ਵੱਲ।
ਮੁੜਨਾ ਪਵੇਗਾ ਆਪਣੇ ਖੇਤਾਂ ਵੱਲ।


Author: Dr. Kamaljeet Kaur Dr. Kamaljeet Kaur
[email protected]
9464971245